ਜੀ ਐੱਸ ਪੰਨੂ
ਪਟਿਆਲਾ, 21 ਸਤੰਬਰ 2018
ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੰਦੀਪ ਕੌਰ ਨੇ ਪਿਛਲੇ ਦਿਨੀਂ ਪੋਲੈਂਡ ਵਿਖੇ ਹੋਏ 13ਵੇਂ ਸੈਲਸੀਅਨ ਮੁੱਕੇਬਾਜ਼ੀ ਕੱਪ ਵਿੱਚ ਸੋਨੇ ਦਾ ਤਗਮਾ ਜਿੱਤਣਾ ਦਾ ਮਾਣ ਹਾਸਲ ਕੀਤਾ ਹੈ। ਸੰਦੀਪ ਕੌਰ ਦੇ ਸਕੂਲ ਪਹੁੰਚਣ 'ਤੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਉਸਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਸਨੂੰ ਗੁਰਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਤੋਂ ਸਕੂਲ ਤੱਕ ਦੇ ਰਸਤੇ ਵਿੱਚ ਵਿਦਿਆਰਥੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਸਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ. ਤੋਤਾ ਸਿੰਘ ਕਿਹਾ ਕਿ ਸਾਡੇ ਸਕੂਲ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੀ ਵਿਦਿਆਰਥਣ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੋਨ ਤਗਮਾ ਜਿੱਤਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨਾਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਪੜਾਈ ਦੇ ਨਾਲਨਾਲ ਖੇਡਾਂ ਵਿੱਚ ਵੀ ਨਾਮਣਾ ਖੱਟਦੇ ਆਏ ਹਨ ਅਤੇ ਭਵਿੱਖ ਵਿੱਚ ਵੀ ਸਕੂਲ ਵੱਲੋਂ ਖਿਡਾਰੀਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਪਿੰਡ ਹਸਨਪੁਰ ਦੀ ਰਹਿਣ ਵਾਲੀ ਸੰਦੀਪ ਕੌਰ ਦੀ ਇਹ ਜਿੱਤ ਹੋਰਨਾਂ ਲੜਕੀਆਂ ਲਈ ਵੀ ਪ੍ਰੇਰਨਾ ਬਣੇਗੀ ਅਤੇ ਉਹ ਖੇਡਾਂ ਦੇ ਖੇਤਰ ਵਿੱਚ ਸੰਦੀਪ ਕੌਰ ਦੀ ਤਰਾਂ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ। ਇਸ ਮੌਕੇ ਸਕੂਲ ਵੱਲੋਂ ਖਿਡਾਰਨ ਸੰਦੀਪ ਕੌਰ ਨੂੰ 31 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆ।
ਖਿਡਾਰਨ ਸੰਦੀਪ ਕੌਰ ਨੇ ਗੱਲਬਾਤ ਕਰਦਿਆ ਦੱਸਿਆ ਕਿ 13ਵੇਂ ਸੈਲਸੀਅਨ ਮੁੱਕੇਬਾਜ਼ੀ ਕੱਪ ਵਿੱਚ 52 ਕਿੱਲੋ ਭਾਰ ਵਰਗ ਵਿੱਚ ਉਸਨੇ ਬਿਨਾਂ ਕੋਈ ਮੈਚ ਹਾਰੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ ਉਸਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਤਾਪਿਤਾ, ਕੋਚ ਸ. ਹਰਪ੍ਰੀਤ ਸਿੰਘ ਹੁੰਦਲ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿੰਦਿਆ ਆਖਿਆ ਕਿ ਉਸਨੂੰ ਸਭ ਨੇ ਪੂਰਨ ਸਹਿਯੋਗ ਦਿੱਤਾ ਹੈ ਅਤੇ ਅੱਜ ਸਕੂਲ ਵੱਲੋਂ ਕੀਤੇ ਭਰਵੇਂ ਸਵਾਗਤ ਨੇ ਉਸਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਖਿਡਾਰਨ ਸੰਦੀਪ ਕੌਰ ਦੇ ਮਾਤਾ ਸ਼੍ਰੀ ਜਸਮੀਤ ਕੌਰ ਅਤੇ ਪਿਤਾ ਜਸਵੀਰ ਸਿੰਘ ਦਾ ਵੀ ਸਕੂਲ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਕੁਲਭੂਸ਼ਣ ਸਿੰਘ ਬਾਜਵਾ, ਜ਼ਿਲਾਖੇਡ ਅਫ਼ਸਰ ਸ. ਹਰਪ੍ਰੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਸੰਜੀਵ ਬਾਂਸਲ, ਸ਼੍ਰੀ ਮਨਜੀਤ ਸਿੰਘ, ਸ. ਜਗਤਾਰ ਸਿੰਘ ਟਿਵਾਣਾ, ਡਿਪਟੀ ਡਾਇਰੈਕਟਰ ਸ. ਅਮਰਜੀਤ ਸਿੰਘ, ਪ੍ਰਿੰਸੀਪਲ ਫੀਲਖਾਨਾ ਸਕੂਲ ਸ. ਕਰਮਜੀਤ ਸਿੰਘ, ਦਰਸ਼ਨ ਲਾਲ ਸੇਤੀਆ, ਪ੍ਰਮੋਦ ਕੁਮਾਰ, ਵਾਈਸ ਪ੍ਰਿੰਸੀਪਲ ਸ਼੍ਰੀ ਸਤੀਸ਼ ਭੰਡਾਰੀ, ਸ਼੍ਰੀ ਸੰਤੋਸ ਦੱਤਾ, ਕੋਚ ਸੁਨੀਲ ਕੁਮਾਰ ਸਮੇਤ ਵੱਡੀ ਗਿਣਤੀ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।