ਪਟਿਆਲਾ, 26 ਸਤੰਬਰ 2018: 'ਦਿਮਾਗੀ ਦੌਰੇ ਵੱਜੋਂ' ਜਾਣੇ ਜਾਂਦੇ 'ਸਟਰੋਕ' ਦੇ ਮਰੀਜ਼ ਨੂੰ ਜਿੰਨਾਂ ਜਲਦੀ ਹੋ ਸਕੇ ਅੱਛੀਆਂ ਸਹੂਲਤਾਂ ਵਾਲੇ ਹਸਪਤਾਲ 'ਚ ਲੈਕੇ ਜਾਣਾ ਚਾਹੀਦਾ ਹੈ। ਅਜਿਹੀ ਮੈਡੀਕਲ ਐਂਮਰਜੈਂਸੀ 'ਚ ਤੁਰੰਤ ਇਲਾਜ਼ ਜਰੂਰੀ ਹੁੰਦਾ ਹੈ, ਕਿਉਂਕਿ 'ਸਟਰੋਕ' ਨਾਲ ਦਿਮਾਗ ਨੂੰ ਲੋੜੀਂਦੀ ਆਕਸੀਜਨ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਨਾਲ ਦਿਮਾਗੀ ਸੈਲ ਮਰ ਜਾਂਦੇ ਹਨ।'
ਫੋਰਟਿਸ ਹਸਪਤਾਲ ਮੋਹਾਲੀ ਦੇ ਨਿਊਰੋਇੰਟਵੈਂਸ਼ਨਲ ਰੇਡੀਓਲੌਜੀ ਵਿਭਾਗ ਦੇ ਮੁੱਖੀ ਅਤੇ ਸੀਨੀਅਰ ਕੰਸਲਟੈਂਟ ਡਾ. ਸੰਦੀਪ ਸ਼ਰਮਾ ਅਤੇ ਨਿਊਰੋਲੌਜੀ ਕੰਸਲਟੈਂਟ ਡਾ. ਅਮਿਤ ਸ਼ੰਕਰ ਸਿੰਘ ਨੇ ਕਿਹਾ ਕਿ ਇਹ ਜਨ-ਹਿੱਤ ਨਸੀਹਤ 'ਸਟਰੋਕ' ਦੇ ਦੋ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਉਪਰੰਤ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ।
ਡਾ. ਸੰਦੀਪ ਸ਼ਰਮਾ ਅਤੇ ਅਮਿਤ ਸ਼ੰਕਰ ਨੇ ਕਿਹਾ ਕਿ ਸਹੀ ਸਮੇਂ ਅਤੇ ਸਹੀ ਇਨਾਜ ਨਾ ਮਿਲਣ ਕਾਰਨ 'ਸਟਰੋਕ' ਜਾਨਲੇਵਾ ਸਾਬਤ ਹੋ ਸਕਦਾ ਹੈ। 'ਸਟਰੋਕ' ਦਾ ਸ਼ਿਕਾਰ ਮਰੀਜ਼ ਦਾ ਦਿਮਾਗ ਕਿੰਨਾਂ ਪ੍ਰਭਾਵਿਤ ਹੁੰਦਾ ਹੈ? ਇਹ ਇਸ ਗੱਲ 'ਤੇ ਨਿਰਭਰ ਰਹਿੰਦਾ ਹੈ ਕਿ ਦਿਮਾਗੀ ਦੌਰੇ ਨੇ ਦਿਮਾਗ ਦੇ ਕਿਸ ਹਿੱਸੇ 'ਤੇ ਹਮਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਬਰੇਨ ਅਟੈਕ ਅਸਲ 'ਚ ਉਦੋਂ ਹੁੰਦਾ ਹੈ, ਜਦੋਂ ਦਿਮਾਗ ਦੇ ਕਿਸੇ ਹਿੱਸੇ 'ਚ ਖੂਨ ਦੀ ਸਪਲਾਈ ਗੜਬੜਾ ਜਾਂਦੀ ਜਾਂ ਰੁੱਕ ਜਾਂਦੀ ਹੈ। ਇਸ ਲਈ 'ਸਟਰੋਕ' ਦੋ ਕਿਸਮ ਦਾ ਮੰਨਿਆ ਜਾਂਦਾ ਹੈ। ਦਿਮਾਗੀ ਕੋਸ਼ਕਾਵਾਂ ਅਤੇ ਸੈਲਾਂ ਨੂੰ ਖੂਨ ਦੀ ਸਪਲਾਈ ਠੱਪ ਹੋਣ ਨਾਲ ਇਸਕੀਮਿਕ ਸਟਰੌਕ ਹੁੰਦਾ ਹੈ, ਜੱਦਕਿ ਦਿਮਾਗੀ ਕੋਸ਼ਕਾਵਾਂ ਦੇ ਫਟਣ ਉਪਰੰਤ ਅੰਦਰੂਨੀ ਖੂਨ ਵਹਿਣ ਨਾਲ ਹੋਮਰੋਰਹਿਗਿਕ ਸਟਰੋਕ ਹੋ ਜਾਂਦਾ ਹੈ। ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਦਿਮਾਗੀ ਨਾੜੀ ਫਟਣ ਜਾਂ ਲੀਕ ਹੋਣ ਨਾਲ ਜਦੋਂ ਇਹ ਹੋਮਰੋਰਹਿਗਿਕ ਸਟਰੋਕ ਹੁੰਦਾ ਹੈ, ਤਾਂ ਅਕਸੀ ਮਰੀਜ ਦੀ ਮੌਤ ਹੋ ਜਾਂਦੀ ਹੈ, ਪ੍ਰੰਤੂ ਇਸਕੀਮਿਕ ਸਟਰੋਕ ਦਿਮਾਗ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ 'ਚ ਖੂਨ ਦਾ ਥੱਬਾ (ਕਲੋਟ) ਜੰਮਣ ਕਾਰਨ ਖੂਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਸਮੇਂ ਸਿਰ ਇਲਾਜ ਮਿਲ ਜਾਵੇ ਤਾਂ ਮਰੀਜ਼ ਨੂੰ ਜਾਨ ਦਾ ਖਤਰਾ ਨਹੀਂ ਰਹਿੰਦਾ। ਡਾ. ਸੰਦੀਪ ਸ਼ਰਮਾ ਅਤੇ ਅਮਿਤ ਸ਼ੰਕਰ ਨੇ ਦੱਸਿਆ ਕਿ ਜੀਵਨ ਸ਼ੈਲੀ 'ਚ ਬਦਲਾਅ ਅਤੇ ਅਸੰਤੂਲਿਤ ਖਾਣ-ਪਾਣ, ਸ਼ੁਗਰ, ਹਾਈ ਬੀ.ਪੀ. ਅਤੇ ਤਣਾਅ ਆਦਿ, ਬ੍ਰੇਨ ਸਟਰੌਕ ਦਾ ਕਾਰਨ ਬਣਦੇ ਹਨ।
ਇਸ ਮੌਕੇ ਡਾ. ਸੰਦੀਪ ਸ਼ਰਮਾ ਨੇ 50 ਸਾਲਾ ਮਰੀਜ਼ ਰਾਮਨਾਥ ਅਤੇ ਇਕ ਹੋਰ 57 ਸਾਲਾ ਮਰੀਜ ਦੇ ਐਮਰਜੈਂਸੀ ਹਲਾਤ 'ਚ ਹਸਪਤਾਲ ਪਹੁੰਚਣ ਅਤੇ ਸਫਲ ਇਲਾਜ ਬਾਰੇ ਦੱਸਿਆ। ਨੱਥੂ ਰਾਮ ਦੇ ਦਿਮਾਗ ਦੀ ਨਾੜੀ ਇਕ ਦਿਨ ਪਹਿਲਾਂ ਫੁੱਲ ਗਈ ਸੀ। ਬੇਹੱਦ ਘਾਤਕ ਸਿਰ ਦਰਦ ਦੀ ਸ਼ਿਕਾਇਤ ਦੇ ਗੇੜੇ ਕੱਢੇ, ਪਰ ਸਥਿੱਤੀ ਹੋਰ ਜਟਿਲ ਹੁੰਦੀ ਗਈ। ਫੋਰਟਿਸ ਹਸਪਤਾਲ ਪਹੁੰਚਣ 'ਤੇ ਉਸਦੇ ਰੋਗ ਦੀ ਤੁਰੰਤ ਪਛਾਣ ਅਤੇ ਸਫਲਤਾਪੂਰਵਕ ਇਲਾਜ ਉਪਰੰਤ ਉਸਨੂੰ ਦੋ ਦਿਨਾਂ 'ਚ ਛੁੱਟੀ ਦੇ ਦਿੱਤੀ ਗਈ। ਇਸੇ ਤਰ੍ਹਾਂ ਦੁਜਰਾ ਮਰੀਜ਼ ਤੇਜ਼ ਬੁਖਾਰ ਅਤੇ ਉਲਟੀਆਂ ਅਤੇ ਅੱਧਰੰਗ ਦੀ ਹਾਲਤ 'ਚ ਹਸਪਤਾਲ ਭਰਤੀ ਹੋਇਆ। ਸਫਲਤਾਪੂਰਵਕ ਇਲਾਜ ਉਪਰੰਤ ਪੰਜਵੇ ਦਿਨ ਛੁੱਟੀ ਦੇ ਦਿੱਤੀ ਗਈ।
ਫੋਰਟਿਸ ਦੇ ਜੋਨਲ ਡਾਇਰੈਕਟਰ ਅਭੀਜੀਤ ਸਿੰਘ ਨੇ ਦੱਸਿਆ ਕਿ ਸਟਰੋਕ ਤੋਂ ਬੱਚਣ ਦਾ ਸਹੀ ਤਰੀਕਾ ਜੀਵਨਸ਼ੈਲੀ 'ਚ ਸੁਧਾਰ ਕਰਨਾ ਹੈ। ਖਾਣ-ਪਾਣੀ ਦੀਆਂ ਆਦਤਾਂ ਤੇ ਕਾਬੂ ਪਾਕੇ ਸੰਤੂਲਿਤ ਪੌਸ਼ਟਿਕ ਅਹਾਰ, ਮੋਟਾਪੇ 'ਤੇ ਕਾਬੂ, ਰੋਜ਼ਾਨਾ ਕਸਰਤ, ਤੰਬਾਕੂ ਸਿਗਰਟ ਬੰਦ, ਸ਼ਰਾਬ 'ਤੋਂ ਪਰਹੇਜ, ਸ਼ੁਗਰ ਅਤੇ ਉਚ ਹਾਈਬੀਪੀ 'ਤੇ ਕੰਟਰੋਲ ਸਮੇਤ ਸਹੀ ਨੀਂਦ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਟਰੋਕ ਦੇ ਕਰੀਬ 83 ਪ੍ਰਤੀਸ਼ਤ ਮਰੀਜ਼ 6 ਘੰਟਿਆ ਤੋਂ ਬਾਅਦ ਹਸਪਤਾਲ ਪਹੁੰਚਦੇ ਹਨ, ਜਦੋਂਕਿ 12 ਪ੍ਰਤੀਸ਼ਤ ਮਰੀਜ਼ ਨੇ ਸਾਢੇ ਤਿੰਨ ਤੋਂ 6 ਘੰਟਿਆ ਦੇ ਵਿਚ ਜਦੋਂਕਿ ਸਿਰਫ਼ 5 ਪ੍ਰਤੀਸ਼ਤ ਮਰੀਜ਼ ਹੀ ਤਿੰਨ ਘੰਟਿਆ ਦੇ ਅੰਦਰ ਹਸਪਤਾਲ ਪਹੁੰਚਦੇ ਹਨ।