ਪਟਿਆਲਾ , 2 ਅਕਤੂਬਰ 2018 : ਜਿਉਂ-ਜਿਉਂ ਵਾਢੀ ਦਾ ਸੀਜ਼ਨ ਆਪਣੀ ਚਰਮ ਸੀਮਾਂ ਵੱਲ ਵਧ ਰਿਹਾ ਹੈ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਪਰਾਲੀ ਨਾ ਜਲਾਉਣ ਸਬੰਧੀ ਆਪਣਾ ਅਭਿਆਨ ਤੇਜ਼ ਕਰਦਿਆਂ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਤਰੁੰਤ ਕਾਰਵਾਈ ਕਰਨ ਲਈ ਆਪਣੇ ਅਫ਼ਸਰਾਂ ਨੂੰ ਪੂਰੀ ਮੂਸ਼ਤੈਦੀ ਵਰਤਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ।
ਮੁੱਖ ਸਕੱਤਰ ਪੰਜਾਬ ਦੁਆਰਾ ਇਸ ਵਿਸ਼ੇ ਸਬੰਧੀ ਵੱਖ-ਵੱਖ ਵਿਭਾਗਾਂ ਦੀ ਸਾਂਝੀ ਮੀਟਿੰਗ ਵਿੱਚ ਸਬੰਧਤ ਵਿਭਾਗਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪੰਜਾਬ ਭਰ ਵਿੱਚ ਆਪਣੀਆਂ ਗਤੀਵਿਧੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀ ਸਮੁੱਚੀ ਮਸ਼ੀਨਰੀ ਨੂੰ ਤਿਆਰ-ਬਰ-ਤਿਆਰ ਰਹਿਣ ਦੇ ਆਦੇਸ਼ਾਂ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਤਿਆਰੀ ਵਿੱਢ ਦਿੱਤੀ ਹੈ।
ਬੋਰਡ ਦੇ ਚੇਅਰਮੈਨ ਪ੍ਰੋ. ਐੱਸ.ਐੱਸ.ਮਰਵਾਹਾ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਕੰਟਰੋਲ ਐਕਟ- 1981 ਤਹਿਤ ਪੰਜਾਬ ਭਰ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੇ ਪਾਬੰਦੀ ਪਹਿਲਾਂ ਹੀ ਲਾਗੂ ਹੈ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਰੋਕਣ ਲਈ ਆਪਣੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਸਮੱਸਿਆ ਨੂੰ ਸਖ਼ਤੀ ਨਾਲ ਕਾਬੂ ਕਰਨ ਲਈ ਕਿਹਾ ਹੈ। ਡਾ. ਮਰਵਾਹਾ ਨੇ ਦੱਸਿਆ ਕਿ ਬੋਰਡ ਨੇ ਪੰਜਾਬ ਰਿਮੋਟ ਸੈਸਿੰਗ ਸੈਂਟਰ ਲੁਧਿਆਣਾ ਨੂੰ ਉਪਗ੍ਰਹਿ ਦੇ ਜ਼ਰੀਏ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਪਿੰਡਾਂ ਅਤੇ ਖੇਤਾਂ ਦਾ ਵੇਰਵਾ ਤਰੁੰਤ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਬੋਰਡ ਨੂੰ ਭੇਜਣ ਦਾ ਪ੍ਰਾਜੈਕਟ ਪਹਿਲਾਂ ਹੀ ਦੇ ਦਿੱਤਾ ਗਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤੇ ਬਣੀਆਂ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰੀ ਮੌਨੀਟਿਰੰਗ ਕਮੇਟੀਆਂ ਨੂੰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੁਆਰਾ ਇੱਕ ਐੱਸ.ਐਮ.ਐੱਸ ਭੇਜ ਕੇ ਅੱਗ ਲਗਾਉਣ ਵਾਲੇ ਕਿਸਾਨ ਦੇ ਖੇਤ ਦਾ ਪੂਰਾ ਵੇਰਵਾ ਭੇਜਿਆ ਜਾਵੇਗਾ ਅਤੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਧੀਨ ਬਣੀਆਂ ਇਹ ਕਮੇਟੀਆਂ ਕਿਸਾਨ ਖਿਲਾਫ਼ 24 ਘੰਟਿਆਂ ਵਿੱਚ ਕਾਰਵਾਈ ਕਰਨਗੀਆਂ।
ਡਾ. ਮਰਵਾਹਾ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਪਟਵਾਰੀ ਰਾਹੀਂ ਅੱਗ ਲਗਾਉਣ ਵਾਲੇ ਕਿਸਾਨ ਦੇ ਜ਼ਮੀਨ ਦੇ ਰਿਕਾਰਡ ਵਿੱਚ ਤਰੁੰਤ ਲਾਲ ਇੰਦਰਾਜ ਕੀਤਾ ਜਾਵੇ। ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪੰਜਾਬ ਸਰਕਾਰ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਆਪਣੇ ਵੱਖ-ਵੱਖ ਸਰੋਤਾਂ ਰਾਹੀਂ ਅਲੱਗ-ਅਲੱਗ ਮਸ਼ੀਨਰੀ ਦਾ ਪ੍ਰਬੰਧਨ ਕਰ ਕੇ ਕਿਸਾਨਾਂ ਤੱਕ ਪਹੁੰਚਦੀ ਕਰਨ ਲਈ ਪੂਰੀ ਵਾਹ ਲਗਾ ਰਿਹਾ ਹੈ ਤਾਂ ਜੋ ਕਿਸਾਨ ਇਸ ਪਰਾਲੀ ਦਾ ਵਿਗਿਆਨਕ, ਕੁਦਰਤ ਪੱਖੀ ਅਤੇ ਪ੍ਰਦੂਸ਼ਣ-ਰਹਿਤ ਨਿਪਟਾਰਾ ਕਰ ਸਕਣ। ਡਾ. ਮਰਵਾਹਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਵਰ੍ਹੇ ਪਰਾਲੀ ਨੂੰ ਅੱਗ ਨਾ ਲਗਾ ਕਿ ਇਸ ਦਾ ਵਿਗਿਆਨਕ ਨਿਪਟਾਰਾ ਕਰਨ ਲਈ ਸਾਡਾ ਸਾਥ ਦੇਣ। ਇਸ ਵਿੱਚ ਉਹਨਾਂ ਦਾ ਆਰਥਿਕ ਫਾਇਦਾ ਹੋਣ ਦੇ ਨਾਲ-ਨਾਲ ਜਿੱਥੇ ਉਹ ਆਪਣੇ ਪਰਿਵਾਰ ਨੂੰ ਹਵਾ ਪ੍ਰਦੂਸ਼ਣ ਦੀ ਮਾਰ ਤੋਂ ਬਚਾਅ ਰਹੇ ਹੋਣਗੇ, ਉੱਥੇ ਪੰਜਾਬ ਨੂੰ ਦੂਸ਼ਿਤ ਹਵਾ ਤੋਂ ਨਿਜ਼ਾਤ ਦਿਵਾਉਣ ਲਈ ਆਪਣੇ ਨੈਤਿਕ ਫਰਜ਼ ਅਦਾ ਕਰ ਰਹੇ ਹੋਣਗੇ।