ਪਟਿਆਲਾ 6ਅਕਤੂਬਰ 2018 ਜੀ ਐੱਸ ਪੰਨੂ
ਡਾਕਟਰ ਧਰਮਵੀਰ ਗਾਂਧੀ , ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਅਕਾਲੀ ਦਲ ਅਤੇ ਕਾਂਗਰਸ ਵਲੋਂ ਪਟਿਆਲਾ ਅਤੇ ਲੰਬੀ ਵਿਖੇ ਬਰੋ- ਬਰਾਬਰ ਰੈਲੀਆਂ ਕਰਨ ਦੀ "ਰੈਲੀ-ਰੈਲੀ ਖੇਡ" ਦੀ ਨਿਖੇਧੀ ਕੀਤੀ ਅਤੇ ਇਸਨੂੰ ਸ਼੍ਰੀ ਗਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਕੋਟਕਪੂਰਾ ਅਤੇ ਬਹਿਬਲਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ ਸ਼ਰਧਾਲੂਆਂ ਦਾ ਕਤਲ ਕਰਨ ਅਤੇ ਅੰਨਾ ਜ਼ਬਰ ਢਾਹੁਣ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਮਸਲੇ ਨੂੰ ਠੰਡੇ ਬਸਤੇ ਵਿਚ ਪਾਉਣ ਦੀ ਸਾਜ਼ਿਸ਼ ਕਰਾਰ ਦਿੱਤਾ।
ਪਟਿਆਲਾ ਦੇ ਮੈਂਬਰ ਪਾਰਲੀਮੈਂਟ ਨੇ ਇਹਨਾਂ ਸਾਰੀਆਂ ਜਾਬਰ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਇਹਨਾਂ ਦੋਵਾਂ ਪਾਰਟੀਆਂ ਨੂੰ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਲਾਂਭੇ ਕਰਨ ਦੀ ਇਕਸ਼ਾਤੀਰਾਨਾ ਚਾਲ ਗਰਦਾਨਦਿਆਂ, ਇਹਨਾਂ ਦੋਨਾਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਨਾਉਣ ਵਾਲੀਆਂ ਸਿਆਸੀ ਚਾਲਾਂ ਤੁਰੰਤ ਬੰਦ ਕਰਨ ਦੀ ਚੇਤਾਵਨੀ ਦਿੱਤੀ।
ਡਾਕਟਰ ਗਾਂਧੀ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਇਸ "ਰੈਲੀ-ਰੈਲੀ ਖੇਡ" ਵਿੱਚ ਲੋਕਾਂ ਨੂੰ ਇਕ ਪਾਸੇ ਦੱਸ ਸਾਲਾਂ ਦੇ ਅਕਾਲੀ ਭਾਜਪਾ ਦੇ ਲੁਟੇਰੇ ਤੇ ਨਖਿੱਧ ਰਾਜ,, ਅਤੇ ਦੂਜੇ ਪਾਸੇ ਮੌਜੂਦਾ ਕਾਂਗਰਸ ਸਰਕਾਰ ਦੇ ਲਗਭਗ ਦੋ ਸਾਲਾਂ ਦੇ ਰਾਜ ਵਿਚ ਹਰ ਮੋਰਚੇ ਤੇ ਅਸਫਲਤਾਵਾਂ ਨੂੰ ਭੁੱਲ ਜਾਣ ਲਈ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ।
ਪਟਿਆਲਾ ਦੇ ਕਾਨੂੰਨ ਘਾੜੇ ਨੇ ਆਪਣੇ ਬਿਆਨ ਵਿਚ ਇਕ ਵਾਰ ਫਿਰ ਸਿੱਖ ਸਮੁਦਾਏ ਦੇ ਧਾਰਮਿਕ ਮਾਮਲਿਆਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਕਿਸੇ ਕਿਸਮ ਦੀ ਦਖਲ-ਅੰਦਾਜੀ ਨੂੰ ਤਿਆਗਣ ਦੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਅਪਮੇ ਬਿਆਨ ਵਿਚ ਆਪਣੀ ਮੰਗ ਨੂੰ ਇਸ ਪ੍ਰਕਾਰ ਬਿਆਨਿਆ ਹੈ ਕਿ :-
ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੀ ਬੇਅਦਬੀ ਅਤੇ ਉਸ ਉਪਰੰਤ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ ਉਪਰ ਕੋਟਕਪੂਰਾ ਅਤੇ ਬਰਗਾੜੀ ਵਿਖੇ ਪੁਲਸ ਵੱਲੋਂ ਲਾਠੀ ਚਾਰਜ ਅਤੇ ਗੋਲੀ ਦੀਆਂ ਘਟਨਾਵਾਂ 'ਤੋਂ ਦੋ ਸਾਲ ਬਾਅਦ ਵੀ, ਵਾਰੋ ਵਾਰੀ ਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਫੜਨ ਅਤੇ ਕਾਨੂੰਨ ਮੁਤਾਬਕ ਕਾਰਵਾਈ ਨੂੰ ਵੱਟੇ ਖ਼ਾਤੇ ਪਾਉਣ ਅਤੇ ਇਨਸਾਫ਼ ਨੂੰ ਰੋਕਣ ਦੀਆਂ ਕੋਸ਼ਸ਼ਾਂ ਦੀ ਭਰਪੂਰ ਨਿੰਦਾ ਕਰਦਿਆਂ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅਧਾਰ 'ਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕੀਤੀ। ਮੀਟਿੰਗ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਮਾਮਲੇ ਨੂੰ ਅਦਾਲਤੀ ਪ੍ਰਕਿਰਿਆ ਵਿਚ ਉਲਝਾ ਕੇ ਲਟਕਾਉਣ ਦੀ ਕੋਸ਼ਸ਼ ਨਾ ਕਰੇ। ਦੇਰੀ ਨਾਲ ਕੀਤਾ ਨਿਆਂ ਵੀ ਅਨਿਆਂ ਹੈ।
ਕਾਂਗਰਸ ਪਾਰਟੀ ਵੱਲੋਂ ਕਾਨੂੰਨੀ ਕਾਰਵਾਈ ਨੂੰ ਠੰਡੇ ਬਸਤੇ ਵਿਚ ਪਾ, ਉਲਟਾ ਇਕ ਧਾਰਮਿਕ ਅਤੇ ਵਿਸ਼ਵਾਸ ਦੇ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਰੈਲੀਆਂ ਦਾ ਮੈਚ ਬਣਾ ਧਰਨ ਦੀ ਨੀਤੀ ਦੀ ਵੀ ਅਲੋਚਨਾ ਕਰਦਿਆਂ ਸਿੱਖ ਭਾਈਚਾਰੇ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ 'ਤੋਂ ਗ਼ੁਰੇਜ਼ ਕਰਨ ਲਈ ਕਿਹਾ।
ਸਿੱਖ ਭਾਈਚਾਰੇ ਦੀਆਂ ਧਾਰਮਿਕ ਸੰਸਥਾਵਾਂ ਅੰਦਰ ਕਾਂਗਰਸ ਪਾਰਟੀ ਵੱਲੋਂ ਸਿਆਸੀ ਦਖ਼ਲ ਦੇਣ ਦੀਆਂ ਕੋਸ਼ਸ਼ਾਂ ਨੂੰ ਪੰਜਾਬ ਲਈ ਮੰਦਭਾਗਾ ਕਰਾਰ ਦਿੰਦਿਆ ਇਸਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿੱਖ ਸੰਸਥਾਵਾਂ ਵਿੱਚ ਸਿਆਸੀ ਦਖਲਅੰਦਾਜ਼ੀ ਦਾ ਰੂਪ ਹੀ ਦੱਸਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੰਜਾਬ ਕਾਂਗਰਸ ਨੂੰ ਸਿੱਖ ਭਾਈਚਾਰੇ ਅੰਦਰ ਧਾਰਮਿਕ ਸੰਸਥਾਵਾਂ ਦੇ ਸਿਆਸੀਕਰਣ 'ਤੋਂ ਪੈਦਾ ਹੋਈ ਵਿਆਪਕ ਬੇਚੈਨੀ ਦੇ ਮੱਦੇ ਨਜ਼ਰ, ਫ਼ੌਰੀ ਤੌਰ 'ਤੇ ਸਿੱਖ ਸੰਸਥਾਵਾਂ ਵਿਚ ਸਿਆਸੀ ਦਖ਼ਲ ਅਤੇ ਕੰਟਰੋਲ ਖ਼ਤਮ ਕਰਨ ਲਈ ਕਿਹਾ।
ਸਿੱਖ ਭਾਈਚਾਰੇ ਦੇ ਧਾਰਮਿਕ ਮਸਲਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਆਪਣੇ ਵਿਸ਼ਵਾਸਾਂ ਅਨੁਸਾਰੀ ਚਲਾਉਣ ਲਈ 'ਪੰਥਕ ਅਸੈਂਬਲੀ' ਅਤੇ ਅਜਿਹੀਆਂ ਹੋਰ ਦੇ ਵਿਚਾਰ ਦੀ ਹਾਮੀ ਭਰਦੀ ਹੈ ਜਿਸ ਵਿਚ ਸਿੱਖ ਬੁੱਧੀਜੀਵੀਆਂ ਚਿੰਤਕਾਂ , ਵਿਦਵਾਨਾਂ, ਧਾਰਮਿਕ ਸ਼ਖ਼ਸ਼ੀਅਤਾਂ ਅਤੇ ਇਤਹਾਸਕਾਰ ਤੋਂ ਇਹ ਆਸ ਪ੍ਰਗਟਾਈ ਕਿ ਉਹ ਅਕਾਲੀ ਦਲ ਬਾਦਲ ਦੀ ਸਿਆਸਤ ਸਿੱਖ ਸੰਸਥਾਵਾਂ ਉਪਰ ਭਾਰੂ ਹੋ ਜਾਣ ਵਿਚੋਂ ਇਤਹਾਸਕ ਨਤੀਜੇ ਕੱਢਦੇ ਹੋਏ, ਸਿੱਖ ਪੰਥ ਵਾਸਤੇ ਭਵਿੱਖੀ ਨੀਤੀ ਖ਼ਾਕਾ ਤਿਆਰ ਕਰਨ ਦੀ ਚੁਣੌਤੀ ਕਬੂਲ ਕਰਨਗੇ ਤਾਂ ਕਿ ਪੰਥ ਆਪਣੇ ਫ਼ੈਸਲੇ ਆਪ ਲਏ, ਸਿੱਖ ਸੰਸਥਾਵਾਂ ਬਾਹਰੀ ਸਿਆਸੀ ਦਖ਼ਲਅੰਦਾਜ਼ੀ 'ਤੋਂ ਮੁਕਤ ਰਹਿਣ ਅਤੇ ਸੰਸਥਾਵਾਂ ਅਤੇ ਅਸਥਾਨਾਂ ਦੀ ਸੇਵਾ ਸੰਭਾਲ ਸਿੱਖ ਮੱਤ ਦੇ ਵਿਸ਼ਵਾਸ਼ ਮੁਤਾਬਕ ਚੱਲੇ ।