ਪਟਿਆਲਾ, 7 ਅਕਤੂਬਰ 2018 - ਸੁਖਬੀਰ ਸਿੰਘ ਬਾਦਲ ਹਮੇਸ਼ਾਂ ਆਪਣੇ ਮੂੰਹੋਂ ਕੱਢੇ ਉਲਝਣੇ ਬੋਲਾਂ ਕਾਰਨ ਕਾਫੀ ਚਰਚਾ ਵਿਚ ਰਹਿੰਦੇ ਹਨ। ਅੱਜ ਪਟਿਆਲਾ ਰੈਲੀ ਵਿਚ ਫਿਰ ਸੁਖਬੀਰ ਭਾਸ਼ਣ ਦੇ ਸ਼ੁਰੂ ਵਿਚ ਹੀ ਸ਼ਬਦਾਂ 'ਚ ਉਲਝ ਗਏ। ਸੁਖਬੀਰ ਜੈਕਾਰਿਆਂ ਦੀ ਗੂੰਜ 'ਚ ਆਪਣੇ ਭਾਸ਼ਣ 'ਤੇ ਧਿਆਨ ਦੇਣਾ ਭੁੱਲ ਗਏ। ਉਨ੍ਹਾਂ ਨੇ ਅੱਜ ਇੱਕ ਵਾਰ ਫਿਰ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ 'ਆਪਣੇ ਪਿਤਾ ਸਮਾਨ ਸ. ਬਾਦਲ ਸਾਬ੍ਹ' ਕਹਿ ਕੇ ਸੰਬੋਧਨ ਕੀਤਾ। ਸੁਖਬੀਰ ਬਾਦਲ ਨੇ ਅਜੇ ਆਪਣਾ ਭਾਸ਼ਣ ਖਤਮ ਵੀ ਨਹੀਂ ਸੀ ਕੀਤਾ ਕਿ ਉਨ੍ਹਾਂ ਦੀ ਇਸ ਗਲਤੀ ਦੀ ਵੀਡੀੳ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਈ। ਦੱਸਦੇਈਏ ਕਿ ਇਸ ਤੋਂ ਪਹਿਲਾਂ ਸਾਲ 2011 ਮਾਘੀ ਮੇਲੇ ਦੌਰਾਨ ਵੀ ਸੁਖਬੀਰ ਨੇ ਆਪਣੇ ਪਿਤਾ ਨੂੰ ਭਾਸ਼ਣ ਦੌਰਾਨ 'ਪਿਤਾ ਸਮਾਨ ਕਹਿ ਕੇ ਸੰਬੋਧਨ ਕੀਤਾ ਸੀ, ਜੋ ਵਾਕਿਆ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।
ਓਥੇ ਹੀ ਸ਼੍ਰੋਮਣੀ ਅਕਾਲੀਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਦਾਅਵਾ ਕੀਤਾ ਹੈ ਕਿ ਇਸ ਭਾਸ਼ਣ 'ਚ ਕਹੇ ਗਏ ਸ਼ਬਦਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਤਮਾਮ ਪੰਡਾਲ 'ਚ ਬੈਠੇ ਵਰਕਰਾਂ ਤੇ ਵਲੰਟੀਅਰਾਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ 'ਆਪਣੇ ਪਿਤਾ ਸਮਾਨ' ਕਹਿ ਕੇ ਸੰਬੋਧਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਕੋਈ ਆਪਣੇ ਪਿਤਾ ਸਮਾਨ ਮੰਨਦਾ ਹੈ ਤੇ ਜਿਸ ਕਾਰਨ ਸੁਖਬੀਰ ਨੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ।
https://www.facebook.com/BabushahiDotCom/videos/699434437087562/