ਸਾਂਝੇ ਅਧਿਆਪਕ ਮੋਰਚੇ ਮਰਨ ਵਰਤ ਛੇਵੇਂ ਦਿਨ ਵਿਚ ਹੋਇਆ ਦਾਖਲ
13 ਅਕਤੂਬਰ ਨੂੰ 'ਪੋਲ-ਖੋਲ ਰੈਲੀ' ਰਾਹੀਂ ਸਰਕਾਰ ਦਾ ਕੱਚਾ ਚਿੱਠਾ ਲੋਕ ਕਚਹਿਰੀ ਵਿੱੱਚ ਜਾਵੇਗਾ ਖੋਲ੍ਹਿਆ
ਜੀ ਐੱਸ ਪਨੂੰ
ਪਟਿਆਲਾ12 ਅਕਤੂਬਰ 2018,
ਪੰਜਾਬ ਦੇ ਕੱਚੇ ,ਠੇਕਾ ਆਧਾਰਤ ਅਤੇ ਰੈਗੁਲਰ ਅਧਿਆਪਕਾਂ ਨਾਲ ਕੀਤੇ ਵੱਡੇ ਵੱਡੇ ਵਾਅਦਿਅਾਂ ਨੂੰ ਸੱਤਾ ਵਿੱਚ ਅਾਉਣ ਦੇ ਦੋ ਸਾਲ ਬਾਅਦ ਵੀ ਲਾਗੂ ਕਰਨ ਵਿੱਚ ਅਸਫਲ ਕੈਪਟਨ ਸਰਕਾਰ ਵਿਰੁੱਧ ਸਾਂਝਾ ਮੋਰਚੇ ਦਾ 'ਪੱਕਾ ਧਰਨਾ ਅਤੇ ਮਰਨ ਵਰਤ' ਛੇਵੇਂ ਦਿਨ ਵਿੱਚ ਦਾਖ਼ਲ ਹੁੰਦਾ ਹੋਇਆ ਪੂਰੇ ਪੰਜਾਬ ਦੇ ਅਧਿਆਪਕਾਂ ਨੂੰ ਮੋਰਚੇ ਦੁਆਲੇ ਲਾਮਬੰਦ ਕਰਨ ਵਿਚ ਸਫ਼ਲ ਹੋ ਰਿਹਾ ਹੈ।ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਜਨਤਕ ਸਿੱਖਿਆ ਨੂੰ ਬਰਬਾਦ ਕਰਨ ਵਾਲੀਆਂ ਨੀਤੀਆਂ ਨੂੰ ਪਟਿਆਲਾ ਸ਼ਹਿਰ ਦੇ ਘਰ ਘਰ ਵਿੱਚ ਲੈ ਕੇ ਜਾਣ ਲਈ ਰੋਜ਼ਾਨਾ ਕੱਢੇ ਜਾਂਦੇ ਮਾਰਚਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਅੱਜ ਤ੍ਰਿਪੜੀ ਦੇ ਬਜ਼ਾਰਾਂ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਮਾਰਚ ਕੱਢਿਆ ਗਿਆ ।13 ਅਕਤੂਬਰ ਨੂੰ ਪਟਿਆਲਾ ਵਿੱਚ ਹੋਣ ਵਾਲੀ ਲਾਮਿਸਾਲ ਪੋਲ ਖ਼ੋਲ੍ਹ ਰੈਲੀ ਜਿੱਥੇ ਤਾਨਾਸ਼ਾਹ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਖੋਖ਼ਲੇ ਦਾਅਵਿਆਂ ਦੀ ਫ਼ੂਕ ਕੱਢੇਗੀ ਉਥੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਅਗਲੇ ਪੜਾਅ ਤੇ ਲਿਜਾਂਦੀ ਹੋਈ ਕਾਂਗਰਸ ਸਰਕਾਰ ਦੇ ਅਧਿਆਪਕ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰੇਗੀ ।
ਪਟਿਆਲਾ ਵਿੱਚ ਲੱਗੇ ਪੱਕੇ ਮੋਰਚੇ ਅਤੇ ਮਰਨ ਵਰਤ ਵਿੱਚ ਅੱਜ ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਪਟਿਆਲਾ ਤੋਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਪਹੁੰਚੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਸੁਖਵਿੰਦਰ ਚਾਹਲ ,ਕੋ ਕਨਵੀਨਰ ਦੀਦਾਰ ਮੁਦਕੀ, ਹਰਦੀਪ ਟੋਡਰਪੁਰ ਡਾ. ਅੰਮ੍ਰਿਤਪਾਲ ਸਿੱਧੂ, ਜਸਵਿੰਦਰ ਔਜਲਾ ਅਤੇ ਸੂਬਾ ਕਮੇਟੀ ਆਗੂ ਕੁਲਦੀਪ ਦੌੜਕਾ, ਵਿਕਰਮਦੇਵ ਸਿੰਘ ,ਤਲਵਿੰਦਰ ਖਰੌੜ, ਰਣਜੀਤ ਮਾਨ ਤੇ ਅਤਿੰਦਰ ਘੱਗਾ ਨੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੇ ਸੰਘਰਸ਼ਾਂ ਦੇ ਦਬਾਅ ਹੇਠ ਬੁਖਲਾਹਟ ਵਿੱਚ ਕੀਤੀਆਂ ਜਾ ਰਹੀਆਂ ਬਦਲੀਆਂ, ਮੁਅੱਤਲੀਆਂ ਅਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਨੂੰ ਸਿੱਖਿਆ ਮੰਤਰੀ ਅਤੇ ਸਰਕਾਰ ਦੀ ਨੈਤਿਕ ਹਾਰ ਦੱਸਿਆ ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਸਿੱਖਿਆ ਪ੍ਰਤੀ ਸਮਰਪਿਤ ਅਧਿਆਪਕਾਂ ਵੱਲੋਂ ਪੂਰੇ ਸੂਬੇ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੀ ਆਵਾਜ਼ ਸੁਣ ਕੇ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਢੀਠਤਾਈ ਨਾਲ ਸਾਜਸ਼ੀ ਚੁੱਪ ਧਾਰ ਕੇ ਮਰਨ ਵਰਤ ਤੇ ਬੈਠੇ ਅਧਿਆਪਕਾਂ ਦੀਆਂ ਜ਼ਿੰਦਗੀਆਂ ਨੂੰ ਕੌਡੀਆਂ ਦੇ ਭਾਅ ਅਜਾਈਂ ਖ਼ਤਮ ਕਰਨ ਲਈ ਬਜ਼ਿੱਦ ਜਾਪ ਰਹੀ ਹੈ ।ਐੱਸ.ਐੱੱਸ.ਏ/ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ 65% ਤੋੰ 75% ਤੱਕ ਘਟਾ ਕੇ ਰੈਗੂਲਰ ਕਰਨ ਦੀ ਆੜ ਵਿੱਚ ਕੀਤੀਆਂ ਜਾ ਰਹੀਆਂ ਕਟੌਤੀਆਂ ਅਤੇ 5178 ਅਧਿਆਪਕਾਂ ਨੂੰ ਪਿਛਲੇ ਇੱਕ ਸਾਲ ਤੋਂ ਰੈਗੂਲਰ ਕਰਨ ਲਈ ਲਾਏ ਜਾ ਰਹੇ ਲਾਰਿਆਂ ਤੋਂ ਅੱਕ ਕੇ ਮਰਨ ਵਰਤ ਤੇ ਬੈਠੀ ਅਧਿਆਪਕਾ ਜਸਪ੍ਰੀਤ ਕੌਰ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ ਪਰ ਸਿੱਖਿਆ ਮੰਤਰੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕਰਕੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਉਜਾੜਨ ਲਈ ਇਸ ਨੀਤੀ ਨੂੰ ਜਬਰੀ ਲੋਕਾਂ ਦੇ ਗਲ ਪਾਉਣ ਲਈ ਤਰਲੋ ਮੱਛੀ ਹੋ ਰਿਹਾ ਹੈ । ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਅੱਜ 13 ਅਕਤੂਬਰ ਨੂੰ ਪਟਿਆਲਾ ਵਿੱਚ ਕੀਤੀ ਜਾ ਰਹੀ "'ਪੋਲ ਖੋਲ੍ਹ ਰੈਲੀ" ਵਿੱਚ ਸਾਰੇ ਪੰਜਾਬ ਤੋੰ ਮਿਸਾਲੀ ਗਿਣਤੀ ਵਿੱਚ ਅਧਿਆਪਕ ਪਹੁੰਚ ਕੇ ਸਿੱਖਿਆ ਮੰਤਰੀ ਦੁਆਰਾ ਬਹੁਗਿਣਤੀ ਅਧਿਆਪਕਾਂ ਦਾ ਮਾਰੂ ਨੀਤੀਆਂ ਨਾਲ ਸਹਿਮਤ ਹੋਣ ਦੇ ਫੈਲਾਏ ਜਾ ਰਹੇ ਝੂਠ ਦਾ ਕਰਾਰਾ ਜਵਾਬ ਦੇਣਗੇ ।
ਇਸ ਸਮੇਂ ਬੁਲਾਰਿਆਂ ਵੱਲੋਂ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ 'ਚ ਸਿਫਟ ਕਰਨ,ਆਈ.ਈ.ਆਰ.ਟੀ ਅਧਿਆਪਕਾਂ, ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਸਿੱਖਿਆ ਦਾ ਨਿੱਜੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ।2016 ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕਣ ਸਮੇਤ ਕਈ-ਕਈ ਮਹੀਨੇ ਤਨਖਾਹਾਂ ਜਾਮ ਕਰਕੇ ਹੁੰਦੇ ਅਧਿਆਪਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਮਰਨ ਵਰਤ 'ਤੇ ਬੈਠ ਅਧਿਆਪਕਾਂ ਹਰਜੀਤ ਜੀਦਾ, ਰਮੇਸ਼ ਮੱਕੜ, ਰਤਨਜੋਤ ਸ਼ਰਮਾ, ਸਤਨਾਮ ਸਿੰਘ, ਸ਼ਮਿੰਦਰ ਸਿੰਘ, ਬਚਿੱਤਰ ਸਿੰਘ, ਦਲਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ, ਜਸਵੰਤ ਸਿੰਘ ਡੋਹਕ, ਪਰਭਦੀਪ ਸਿੰਘ, ਬਲਵਿੰਦਰ ਸਿੰਘ ਅਤੇ ਮਹਿਲਾ ਅਧਿਆਪਕਾਵਾਂ ਰਜਿੰਦਰ ਕੌਰ, ਨਮਿਤਾ ਲੁਧਿਆਣਾ, ਜਸਪਰੀਤ ਕੌਰ, ਪਰਦੀਪ ਸਿੰਘ, ਰੀਤੂ ਬਾਲਾ, ਕੁਲਜੀਤ ਕੌਰ ਨੇ ਬੁਲੰਦ ਹੋਸਲਾ ਰੱਖਦਿਆਂ ਸਿੱਖਿਆ ਦਾ ਘਾਣ ਕਰਨ ਵਾਲੇ “ਪੜ੍ਹੋ ਪੰਜਾਬ ਪੜ੍ਹਾਓ ਪੰਜਾਬ” ਪ੍ਰਾਜੈਕਟ ਦੀ ਆੜ ਵਿੱਚ ਅਧਿਆਪਕਾਂ ਦੇ ਮਿਹਨਤਕਸ਼ ਕਿਰਦਾਰ ਨੂੰ ਢਾਹ ਲਾਉਣ ਵਾਲੇ ਅਤੇ ਬਦਸਲੂਕੀ ਭਰਿਆ ਵਿਵਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਜਿਹੇ ਅਹਿਮ ਵਿਭਾਗ ਤੋਂ ਲਾਂਭੇ ਕਰਨ ਦੀ ਮੰਗ ਤਿੱਖੇ ਰੂਪ ਵਿਚ ਕੀਤੀ।ਮੋਰਚੇ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੇ ਦਾਅਵਿਆਂ ਦੀ ਫੂਕ ਤਾਂ ਅਧਿਆਪਕਾਂ ਦੀ ਮੋਰਚੇ ਚ ਲਗਾਤਾਰ ਵਧ ਰਹੀ ਸ਼ਮੂਲੀਅਤ ਨਾਲ ਹੀ ਨਿਕਲ ਚੁੱਕੀ ਹੈ ।
ਸਿੱਖਿਆ ਵਿਭਾਗ ਅਤੇ ਸਮੂਹ ਕੱਚੇ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ 'ਤੇ ਰੈਗੂਲਰਾਇਜੇਸ਼ਨ ਕਰਵਾਉਣ ਦੀ ਮੰਗ ਸਮੇਤ ਸਿੱਖਿਆ ਤੇ ਅਧਿਆਪਕ ਵਿਰੋਧੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ ਅਤੇ ਅੰਮ੍ਰਿਤਸਰ,ਸੰਗਰੂਰ ਸਮੇਤ ਪੰਜਾਬ ਭਰ ਦੇ ਅਧਿਆਪਕ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਅਤੇ ਆਦਰਸ਼ ਸਕੂਲ (ਪੀ.ਪੀ.ਪੀ) ਦੇ ਅਧਿਆਪਕਾਂ ਦੀਆਂ ਬਰਖਾਸਤੀਆਂ ਦੇ ਵਿਰੋਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਚੱਲ ਰਹੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਛੇਵੇਂ ਦਿਨ ਵੱਡੀ ਗਿਣਤੀ ਵਿੱਚ ਪਹੁੰਚੀਆਂ ਜਨਤਕ ਜਥੇਬੰਦੀਆਂ ਨੇ ਅਧਿਆਪਕਾਂ ਦੇ ਇਸ ਹੱਕੀ ਘੋਲ ਦਾ ਪੁਰਜੋਰ ਸਮਰਥਨ ਕਰਦਿਆਂ ਭਵਿੱਖ ਵਿੱਚ ਵੀ ਡਟਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਛੇਵੇਂ ਦਿਨ ਵੀ ਮਰਨ ਵਰਤ 'ਤੇ ਡਟ ਕੇ ਬੈਠੇ 17 ਅਧਿਆਪਕਾਂ ਨੇ ਅਧਿਆਪਕਾਂ ਨੂੰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਘੋਲ਼ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਰਾਮ ਭਜਨ ਚੌਧਰੀ ਗੁਰਮੇਲ ਬੋੜਾਵਾਲ ,ਜਸਵਿੰਦਰ ਸਿੰਘ ,ਬਲਰਾਜ ਮੌੜ, ਹਰਜਿੰਦਰ ਕਲੇਰ, ਕੁਲਵਿੰਦਰ ਸਿੰਘ ,ਮੁਕੇਸ਼ ਗੁਜਰਾਤੀ, ਬਲਵਿੰਦਰ ਸਿੰਘ ,ਰਾਜਵਿੰਦਰ ਮੀਰ, ਸਿਕੰਦਰ ਧਾਲੀਵਾਲ, , ਪਰਮਿੰਦਰ ਸਿੰਘ, ਸੁਖਦੇਵ ਭਵਾਨੀਗੜ੍ਹ, ਵਿਕਾਸ ਸ਼ਰਮਾ ,ਗੁਰਦਾਸ ਸਿੰਘ ,ਬਲਜਿੰਦਰ ਸ਼ਰਮਾ, ਜਸਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਰਹੇ।
ਫੋਟੋ ਮਾਨਸਾ,ਹੁਸ਼ਿਆਰਪੁਰ ਅਤੇ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਪਰਿਵਾਰ ਸਮੇਤ ਲਗਵਾਈ ਹਾਜ਼ਰੀ