ਪਟਿਆਲਾ, 16 ਅਕਤੂਬਰ 2018 - ਪੰਜਾਬ ਦੀ ਸਿਆਸਤ ਦੇ ਕੇਂਦਰ ਬਿੰਦੂ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਿਹਾ ਪੱਕਾ ਮੋਰਚਾ ਤੇ ਮਰਨ ਵਰਤ ਅੱਜ ਨੋਵੇਂ ਦਿਨ ਵਿਚ ਸ਼ਾਮਲ ਹੋਇਆ, ਪ੍ਰੰਤੂ ਅਧਿਆਪਕਾਂ ਦੇ ਇਸ ਸੰਘਰਸ਼ ਅਤੇ ਉਹਨਾਂ ਦੀਆਂ ਜਾਇਜ ਮੰਗਾਂ ‘ਤੇ ਵਿਚਾਰ ਵਟਾਂਦਰਾ ਕਰਨ ਅਤੇ ਉਹਨਾਂ ਦਾ ਵਾਜਿਬ ਹੱਲ ਕਰਨ ਦੀ ਥਾਂ ਮੁੱਖ ਮੰਤਰੀ ਪੰਜਾਬ ਵੱਲੋਂ ਤਨਖਾਹਾ ਵਿੱਚ 75% ਤੱਕ ਦੀ ਕਟੌਤੀ ਕਰਨ ਮਗਰੋਂ ਵੀ ਵੱਧ ਤਨਖਾਹ ਦੇਣ ਦਾ ਬਿਆਨ ਜਾਰੀ ਕਰਨਾ ਗੁੰਮਰਾਹਕੁੰਨ ਕਰਾਰ ਦਿੱਤਾ ਗਿਆ ਹੈ। ਸਿਰਫ ਆਪਣੇ ਸਿੱਖਿਆ ਮੰਤਰੀ ਦੇ ਤਰਕਹੀਣ ਬਿਆਨਾਂ ਅਤੇ ਆਪਣੇ ਸਿੱਖਿਆ ਸਕੱਤਰ ਵੱਲੋਂ ਪੇਸ਼ ਕੀਤੇ ਝੂਠੇ ਅਤੇ ਆਧਾਰਹੀਣ ਅੰਕੜਿਆਂ ਦੇ ਆਸਰੇ ਅਧਿਆਪਕਾਂ ਦੀਆਂ ਮੰਗਾਂ ਨੂੰ ਨਜਾਇਜ ਠਹਿਰਾਉਣਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ।
ਇੱਥੇ ਜਦੋਂ ਇੱਕ ਪਾਸੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਇਸ ਨੂੰ ਕੈਬਨਿਟ ਦਾ ਫੈਸਲਾ ਦਰਸਾਉਣ ਲਈ ਪੱਬਾ ਭਾਰ ਹਨ ਉੱਥੇ ਦੂਜੇ ਪਾਸੇ ਕੈਬਨਿਟ ਮੰਤਰੀ ਲੁਕਵੀਂ ਅਤੇ ਦੱਬਵੀਂ ਜੁਬਾਨ ਵਿਚ ਇਸ ਨੂੰ ਸਿਰਫ ਸਿੱਖਿਆ ਮੰਤਰੀ ਦਾ ਫੈਸਲਾ ਦੱਸਦਿਆ ਉਹਨਾਂ ਦੀ ਇਸ ਫੈਸਲੇ ਨਾਲ ਕੋਈ ਸਹਿਮਤੀ ਨਾ ਹੋਣ ਦੀ ਗੱਲ ਆਖ ਰਹੇ ਹਨ ਅਤੇ ਇਸ ਤੋਂ ਵੀ ਅੱਗੇ ਇੱਕ ਕੈਬਨਿਟ ਮੰਤਰੀ ਦੀ ਪਤਨੀ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਾਂ ਹੋਣ ਦਾ ਬਿਆਨ ਜੱਗ ਜਾਹਿਰ ਹੈ। ਮੁੱਖ ਮੰਤਰੀ ਪੰਜਾਬ ਦੇ ਇਸ ਬਿਆਨ ਨੇ ਸਮਾਜ ਦੇ ਉਸਰੀਏ ਅਧਿਆਪਕ ਵਰਗ ਦੀਆਂ ਮੰਗਾਂ ਦਾ ਉਚਿੱਤ ਹੱਲ ਲੱਭਣ ਦੀ ਥਾਂ ਉਹਨਾਂ ਦੇ ਡੰਗਰ ਮੰਡੀ ਦੇ ਵਪਾਰੀਆਂ ਵਾਂਗ ਵਰਤਾਉ ਨੂੰ ਬਹੁਤ ਸਪੱਸ਼ਟ ਰੂਪ ਵਿੱਚ ਪੇਸ਼ ਕੀਤਾ ਹੈ।
ਇਸ ਸਮੇਂ ਮੋਰਚੇ ਦੇ ਆਗੂਆਂ ਨੇ ਆਖਿਆਂ ਕਿ ਤਨਖਾਹਾਂ ਦੀ ਕਟੌਤੀ ਕਰਨ ਵਾਲੇ ਅਤੇ ਨਵੰਬਰ 2017 ਤੋਂ ਰੈਗੂਲਰ ਹੋਣ ਦੀ ਊਡੀਕ ਲਾਈ ਬੈਠੇ 5178 ਅਧਿਆਪਕਾਂ ਨਾਲ ਸਰਕਾਰ ਦੇ ਲਿਖਤੀ ਕੰਟਰੈਕਟ ਤੋਂ ਪਿੱਛੇ ਹੱਟਣ ਵਾਲੇ ਮੁੱਖ ਮੰਤਰੀ ਪੰਜਾਬ ਵੱਲੋਂ ਅਧਿਆਪਕਾਂ ਲਈ ਖਜਾਨਾ ਖਾਲੀ ਹੋਣ ਦਾ ਝੂਠਾ ਬਹਾਨਾ ਬਣਾਉਣਾ ਅਤੇ ਦੂਜੇ ਪਾਸੇ ਆਪਣੇ ਨਿੱਜੀ ਸਕੱਤਰਾਂ ਦੀ ਵੱਡੀ ਡਾਰ ਵਿਚੋਂ ਹਰੇਕ ਨੂੰ ਵੀਹ ਹਜਾਰ ਰੁਪਏ ਪ੍ਰਤੀ ਮਹੀਨਾ ਮਕਾਨ ਭੱਤੇ ਦੇ ਰੂਪ ਵਿੱਚ ਦੇਣਾ, ਸੰਵਿਧਾਨਿਕ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੇ ਮੰਤਰੀਆਂ ਨੂੰ ਲਾਭ ਦੇ ਅਹੁਦਿਆਂ ਨਾਲ ਨਿਵਾਜਣਾ ਅਤੇ ਆਪਣੇ ਮੰਤਰੀਆਂ ਅਧਿਕਾਰੀਆਂ ਨੂੰ ਨਵੀਆਂ ਅਤੇ ਮਹਿੰਗੀਆਂ ਕਾਰਾਂ ਨਾਲ ਨਿਵਾਜਣਾ ਸਰਕਾਰ ਵੱਲੋਂ ਆਪਣੇ ਘਰ ਭਰਨ ਤੇ ਆਮ ਲੋਕਾਂ ਤੋਂ ਰੋਟੀ ਖੋਹਣ ਦੀ ਨੀਤੀ ਨੂੰ ਭਲੀ ਭਾਂਤੀ ਪੇਸ਼ ਕਰਦਾ ਹੈ।
ਇਸ ਸਮੇਂ ਸਾਂਝੇ ਮੋਰਚੇ ਦੇ ਸੂਬਾ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਡਾ.ਅੰਮ੍ਰਿਤਪਾਲ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲ ਅਧਿਆਪਕਾਂ ਦੇ ਬਹੁਗਿਣਤੀ ਅਤੇ ਤੱਥਪੂਰਨ ਦਸਤਾਵੇਜਾਂ ਨੂੰ ਅਣਗੋਲਿਆ ਕਰ ਰੈਗੂਲਰ ਦੇ ਭਲਚਾਵੇ ਹੇਠ ਤਨਖ਼ਾਹਾਂ ਵਿੱਚ 65% ਤੋਂ 75 % ਕੱਟ ਦੇ ਵਿਰੋਧ ਵਿੱਚ ਚੱਲ ਰਹੇ ਚੱਲ ਰਹੇ ਮਰਨ ਵਰਤ ਅਤੇ ਬਾਕੀ ਵਿਭਾਗੀ ਮੰਗਾਂ ਜਿਨ੍ਹਾਂ ਵਿੱਚ 5178 ਅਧਿਆਪਕਾਂ ਦਾ ਲੰਮੇ ਸਮੇਂ ਤੋਂ ਲਟਕਾਏ ਰੈਗੂਲਰ ਦੇ ਨੋਟੀਫਿਕੇਸ਼ਨ ਅਤੇ ਤਨਖਾਹਾ ਨੂੰ ਜਾਰੀ ਨਾ ਕਰਨ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ `ਚ ਸਿਫਟ ਕਰਨ, ਆਦਰਸ਼ (ਪੀ.ਪੀ.ਪੀ. ਮੋਡ), ਆਈ.ਈ.ਆਰ.ਟੀ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਕੇ ਸਿੱਖਿਆ ਦਾ ਉਜਾੜਾ ਕਰਨ ਵਾਲੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ `ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਅਤੇ ਅਖੌਤੀ ਪਰੋਜੈਕਟਾਂ ਰਾਹੀਂ ਸਿੱਖਿਆ ਦਾ ਉਜਾੜਾ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ `ਚੋਂ ਹਟਾਉਣ, ਸਿੱਖਿਆ ਦਾ ਨਿੱਜ਼ੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ, ਪੰਜਾਬ ਭਰ ਦੇ ਅਧਿਆਪਕ ਦੀਆਂ 2016 ਤੋਂ ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕਰਨ, ਕਈ-ਕਈ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਅਤੇ ਆਦਰਸ਼ ਸਕੂਲਾਂ ਵਿੱਚ ਸਰਕਾਰੀ ਮਿਲੀਭੁਗਤ ਨਾਲ ਹੋਈਆਂ ਧਾਂਦਲੀਆਂ ਵਿਰੁੱਧ ਆਵਾਜ ਉਠਾਉਣ ਵਾਲੇ ਅਧਿਆਪਕਾਂ ਦੀਆਂ ਕੀਤੀਆਂ ਟਰਮੀਨੇਸ਼ਨਾ ਰੱਦ ਕਰਨ ਸਮੇਤ ਸਰਕਾਰ ਵੱਲੋਂ ਅਧਿਆਪਕ ਆਗੂਆਂ ਦੀਆਂ ਕੀਤੀਆਂ ਮੁਅੱਤਲੀਆਂ ਅਤੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਆਦਿ ਮੰਗਾਂ ਸ਼ਾਮਿਲ ਹਨ ਲਈ ਸਰਕਾਰ ਦੀ ਥਕਾਉਣ,ਹੰਭਾਉਣ ਅਤੇ ਝੁਕਾਉਣ ਦੇ ਪੈਂਤੜੇ ਨੂੰ ਪੁੱਠਾ ਗੇੜਾ ਦਿੰਦਿਆਂ ਚੱਲ ਰਹੇ ਪੱਕਾ ਮੋਰਚੇ ਵਿੱਚ ਅੱਜ ਬਠਿੰਡਾ,ਰੋਪੜ ਅਤੇ ਪਟਿਆਲਾ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਅੱਜ ਪੱਕੇ ਮੋਰਚੇ ਦਰਮਿਆਨ ਚਲ ਰਹੇ ਮਰਨ ਵਰਤ ਦੇ ਨੌਵੇਂ ਦਿਨ ਮਰਨ ਵਰਤ ਵਿੱਚ ਸ਼ਾਮਿਲ ਛੇ ਮਹਿਲਾ ਅਧਿਆਪਕਾਂ ਸਮੇਤ ਕੁੱਲ ਸਤਾਰਾਂ ਅਧਿਆਪਕਾਂ ਵਿੱਚੋਂ ਦੋ ਮਹਿਲਾ ਅਧਿਆਪਕਾਵਾਂ ਦੀ ਹਾਲਤ ਵਿਗੜੀ।
ਇਸ ਸਮੇਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਮੇਤ ਸਮੂਹ ਅਹੁੱਦੇਦਾਰਾਂ ਵੱਲੋਂ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦਾ ਹੱਲ ਕਰਨ ਦੀ ਥਾਂ ਆਪਣੇ ਅਹੁੱਦੇ ਦੀ ਦੁਰਵਰਤੋਂ ਕਰਦਿਆਂ ਲਗਾਤਾਰ ਧਮਕੀਆਂ ਭਰੇ ਬਿਆਨ ਦੇਣਾ ਬਹੁਤ ਸ਼ਰਮਨਾਕ ਹੈ। ਉਹਨਾਂ ਆਖਿਆ ਕਿ ਅਖੌਤੀ ਲੋਕਤੰਤਰ ਬਣ ਚੁੱਕੇ ਦੇਸ਼ ਅੰਦਰ ਮਨੁੱਖੀ ਹੱਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਇਸ ਘਟੀਆ ਤੇ ਨਿੰਦਣਯੋਗ ਰਵੱਈਏ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅੱਜ ਤੋਂ ਪੂਰਾ ਹਫਤਾ ਕਾਲੇ ਹਫਤੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਕਾਲੇ ਬਿੱਲੇ ਲਗਾ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਦੇ ਬਾਹਰ ਸਮੂਹ ਸਟਾਫ ਵੱਲੋਂ ਬੱਚਿਆਂ, ਉਹਨਾਂ ਦੇ ਮਾਪਿਆਂ, ਸਕੂਲ ਮੈਨੇਂਜਮੈਂਟ ਕਮੇਟੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਅਰਥੀਆਂ ਫੂਕਦਿਆਂ ਦੇਸ਼ ਭਰ ਦੇ ਲੋਕਾਂ ਸਾਹਮਣੇ ਲੋਕ ਹਿੱਤਾਂ ਦਾ ਡਰਾਮਾ ਕਰਨ ਵਾਲੀ ਕਾਂਗਰਸ ਪਾਰਟੀ ਅਤੇ ਇਸ ਦੀ ਸੂਬਾ ਸਰਕਾਰ ਦਾ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ।
ਆਗੂਆਂ ਨੇ ਆਖਿਆ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਅਤੇ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਅਧਿਆਪਕਾਂ ਦਾ ਪਰਿਵਾਰਾਂ ਸਮੇਤ ਸਾਂਝਾ ਅਧਿਆਪਕ ਮੋਰਚਾ ਦੇ ਅਗਵਾਹੀ ਵਿੱਚ ਚੱੱਲ ਰਹੇ ਧਰਨੇ ਵਿੱਚ ਦਿਨ ਰਾਤ ਸ਼ਮੂਲੀਅਤ ਕਰਨਾ ਉਹਨਾਂ ਦਾ ਮੋਰਚੇ ਦੀਆਂ ਮੰਗਾਂ ਅਤੇ ਸੰਘਰਸ਼ ਨਾਲ ਇੱਕਜੁਟਤਾ ਤੇ ਪੰਜਾਬ ਸਰਕਾਰ ਵਿਰੁੱਧ ਸਖਤ ਰੋਸ ਨੂੰ ਦਰਸਾਉਂਦਾ ਹੈ। ਇਸ ਸਮੇਂ ਸਮੂਹ ਹਾਜਰੀਨ ਵੱਲੋਂ ਦੁੱਖ ਨਿਵਰਾਣ ਸਾਹਿਬ ਚੌਂਕ ਤੋਂ ਸ਼ੁਰੂ ਕਰਕੇ ਬੱਸ ਸਟੈਂਡ ਤੋਂ ਹੁੰਦੇ ਹੋਏ ਕੈਪੀਟਲ ਸਿਨੇਮਾ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਦਿਆਂ 18 ਅਕਤੂਬਰ ਨੂੰ ਪਟਿਆਲਾ ਸਮੇਤ ਪੰਜਾਬ ਦੇ ਸਮੂਹ ਜਿਲ੍ਹਿਆਂ ਅੰਦਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਉਸਦੇ ਮੰਤਰੀਆਂ ਦੇ ਵੱਡ ਆਕਾਰੀ ਬੁੱਤ ਬਣਾ ਕੇ ਉਹਨਾਂ ਨੂੰ ਲਾਂਬੂ ਲਗਾਉਂਦਿਆਂ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਉਣ ਅਤੇ 21 ਅਕਤੂਬਰ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ, ਮੁਲਾਜ਼ਮ, ਕਿਸਾਨ, ਮਜਦੂਰ ਅਤੇ ਜਮਹੂਰੀ ਜੱਥੇਬੰਦੀਆਂ ਤੇ ਅਧਿਆਪਕਾਂ ਦੇ ਬੱਚਿਆ, ਮਾਪਿਆਂ ਅਤੇ ਪਰਿਵਾਰਾਂ ਸਮੇਤ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਅਤੇ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਗਿਆ।
ਅੱਜ ਦੇ ਧਰਨੇ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਹੀ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਦੀਪਕ ਕੰਬੋਜ ਦੀ ਅਗਵਾਈ ਹੇਠ ਟੀ.ਈ.ਟੀ. ਪਾਸ ਬੇਰੁਜਗਾਰ ਯੂਨੀਅਨ ਵੱਲੋਂ ਧਰਨੇ ਵਿੱਚ ਵੱਡੀ ਗਿਣਤੀ ਨਾਲ ਸ਼ੂੂਲੀਅਤ ਕਰਦਿਆਂ, ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਤੱਕ ਹਰ ਪੱਖੋਂ ਡਟਵੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਡਾ. ਦਰਸ਼ਨ ਪਾਲ (ਕਿਸਾਨ ਯੂਨੀਅਨ ਏਕਤਾ ਡਕੌਦਾ), ਮਲਾਗਰ ਸਿੰਘ ਖਮਾਣੋਂ, ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਦਿਲਬਾਗ ਸਿੰਘ ਚਾਹਲ, ਸਮਸ਼ੇਰ ਸਿੰਘ ਤੋਂ ਇਲਾਵਾ ਮੋਰਚੇ ਦੇ ਸੂਬਾ ਕਮੇਟੀ ਮੈਂਬਰ ਵਿਕਰਮ ਦੇਵ ਸਿੰਘ, ਕੁਲਦੀਪ ਸਿੰਘ ਦੌੜਕਾ, ਦਿਗਵਿਜੇਪਾਲ ਸ਼ਰਮਾ, ਪਰਮਜੀਤ ਸਿੰਘ, ਮਨਜੀਤ ਸਿੰਘ, ਬੇਅੰਤ ਸਿੰਘ, ਅਸ਼ਵਨੀ ਸ਼ਰਮਾ, ਗੁਰਵਿੰਦਰ ਸਸਕੌਰ, ਅਸ਼ੋਕ ਖਾਲਸਾ, ਅਮਰਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।