ਦੀਵਾਲੀ ਵਰਗੇ ਲੋਕ-ਤਿਉਹਾਰ ਤੇ ਵੀ ਅਧਿਆਪਕ ਬਨਵਾਸ ਕੱਟਣ ਲਈ ਮਜਬੂਰ
ਅਗਲੀ ਰਣਨੀਤੀ ਤਹਿਤ 10 ਨਵੰਬਰ ਨੂੰ ਭਰਾਤਰੀ ਜਥੇਬੰਦੀਆਂ ਨਾਲ ਕੀਤੀ ਜਾਵੇਗੀ ਅਹਿਮ ਮੀਟਿੰਗ
ਪਟਿਆਲਾ 06 ਨਵੰਬਰ 2018: ਪਿਛਲੇ 31 ਦਿਨਾਂ ਤੋਂ ਪਟਿਆਲਾ ਦੀ ਧਰਤੀ ਤੇ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਝੰਡੇ ਗੱਡੀ ਬੈਠੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਲਗਾਤਾਰ ਪੰਜ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਕੱਚੇ ਕਾਮਿਆਂ ਨੂੰ ਆਪਣੀ ਸਰਕਾਰ ਦੇ ਪਹਿਲੇ ਮਹੀਨੇ ਵਿੱਚ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਦੇ ਲਗਪਗ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਵਫ਼ਾ ਨਹੀਂ ਹੋਇਆ, ਸਗੋਂ ਉਲਟਾ ਕਾਂਗਰਸ ਸਰਕਾਰ ਸਿੱਖਿਆ ਵਿਭਾਗ ਨੂੰ ਖਤਮ ਕਰਨ ਦਾ ਰਾਹ ਪੈ ਚੁੱਕੀ ਹੈ ਜਿਸ ਕਾਰਨ ਪੂਰੇ ਪੰਜਾਬ ਦੇ ਅਧਿਆਪਕ ਵਰਗ ਵਿੱਚ ਸਰਕਾਰ ਖਿਲਾਫ ਰੋਸ ਦੀ ਲਹਿਰ ਪੈਦਾ ਹੋ ਚੁੱਕੀ ਹੈ ਜਿਸ ਦਾ ਖਾਮਿਆਜਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਅਗਾਊਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ, ਅਧਿਆਪਕ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਕਨਵੀਨਰ ਦਵਿੰਦਰ ਪੂਨੀਆਂ,ਸੂਬਾ ਕਮੇਟੀ ਮੈਂਬਰ ਵਿਕਰਮ ਦੇਵ ਸਿੰਘ,ਹਰਜੀਤ ਸਿੰਘ ਜੀਦਾ ਤੋਂ ਇਲਾਵਾ ਸੁਖਵਿੰਦਰ ਸੁੱਖੀ,ਜਗਪਾਲ ਬੰਗੀ, ਅਤਿੰਦਰਪਾਲ ਘੱਗਾ ਅਤੇ ਸੁਮਿਤ ਕੁਮਾਰ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਅਸਫਲਤਾ ਹੀ ਹੈ ਕਿ ਜਿੱਥੇ ਦੁਸਹਿਰਾ ਅਤੇ ਕਰਵਾ ਚੌਥ ਵਰਗੇ ਲੋਕ-ਤਿਉਹਾਰ ਅਧਿਆਪਕ ਵਰਗ ਵੱਲੋਂ ਸੜਕਾਂ ਤੇ ਮਨਾਏ ਗਏ ਹਨ ਉਥੇ ਹੁਣ ਉਹ ਭਗਵਾਨ ਰਾਮ ਦੇ ਚੌਦਾਂ ਸਾਲਾਂ ਬਨਵਾਸ ਖਤਮ ਹੋਣ ਦੀ ਖੁਸ਼ੀ ਵਿੱਚ ਬਣਾਏ ਜਾਂਦੇ ਲੋਕ ਤਿਉਹਾਰ ਦੀਵਾਲੀ ਨੂੰ ਵੀ ਸੜਕਾਂ ਤੇ ਹੀ 'ਕਾਲੀ ਦੀਵਾਲੀ' ਦੇ ਰੂਪ ਵਿੱਚ ਮਨਾਉਣਗੇ।
ਇਸ ਮੌਕੇ ਜਥੇਬੰਦੀ ਵੱਲੋਂ 'ਅਧਿਆਪਕਾਂ ਜੋੜੀਆਂ' ਨੂੰ 24 ਘੰਟੇ ਦੀ ਭੁੱਖ ਹੜਤਾਲ ਤੇ ਬਿਠਾਇਆ ਜਾਵੇਗਾ ਅਤੇ ਕਾਲੇ ਚੋਗਿਆਂ ਅਤੇ ਝੰਡਿਆਂ ਨਾਲ ਪਟਿਆਲਾ ਸ਼ਹਿਰ ਵਿੱਚ ਮਾਰਚ ਕੀਤਾ ਜਾਵੇਗਾ । ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀ ਪਹਿਲਾਂ ਪੱਕਾ ਮੋਰਚਾ ਖਤਮ ਕਰਨ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਗਿਆ ਕਿ ਇਕ ਪਾਸੇ ਸਿੱਖਿਆ ਵਿਭਾਗ ਵੱਲੋਂ ਧੜਾਧੜ ਬਦਲੀਆਂ ਕਰਕੇ ਮਾਹੌਲ ਨੂੰ ਦਿਨੋਂ ਦਿਨ ਤਣਾਅਪੂਰਵਕ ਬਣਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਧਰਨਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੋ ਕਿ ਆਪ-ਵਿਰੋਧੀ ਹਨ ।
ਇਸ ਤੋਂ ਇਲਾਵਾ ਨਵਨੀਤ ਅਨਾਇਤਪੁਰੀ,ਪਰਮਵੀਰ ਸਿੰਘ,ਗਗਨ ਰਾਣੂ,ਭਰਤ ਕੁਮਾਰ,ਹਰਵਿੰਦਰ ਰੱਖੜਾ, ਸੋਹਨ ਸਿੰਘ,ਗੁਰਮੀਤ ਸਿੰਘ,ਕਮਲ ਦੇਵੀਗੜ,ਚਮਕੌਰ ਸਿੰਘ ਨੇ ਵੀ ਸੰਬੋਧਨ ਕੀਤਾ ।