ਇਸ ਦੇਸ਼ 'ਚ ਨਸ਼ਾ ਨਹੀਂ, ਸਗੋਂ ਇਨਸਾਨ ਦੇ ਸਪਰਮ (ਸ਼ੁਕਰਾਣੂ) ਦੀ ਹੁੰਦੀ ਹੈ ਸਮਗਲਿੰਗ ! ਪਰ ਕਿਉਂ ?
ਰਾਮਅੱਲ੍ਹਾ, 8 ਨਵੰਬਰ 2018 - ਦੁਨੀਆ 'ਚ ਅਜਿਹੇ ਦੇਸ਼ ਵੀ ਹਨ ਜਿਥੇ ਨਸ਼ਿਆਂ ਦੀ ਸਮਗਲਿੰਗ ਨਹੀਂ ਸਗੋਂ ਇਨਸਾਨ ਦੇ ਸਪਰਮ ਦੀ ਸਮਗਲਿੰਗ ਹੁੰਦੀ ਹੈ। ਇਸੇ ਸਪਰਮ ਨਾਲ ਉਥੋਂ ਦੀਆਂ ਔਰਤਾਂ ਗਰਭ ਧਾਰਨ ਕਰਦੀਆਂ ਹਨ ਅਤੇ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਇਹ ਵੀ ਨਹੀਂ ਕਿ ਉਥੋਂ ਦੇ ਮਰਦਾਂ 'ਚ ਬਾਪ ਬਣਨ ਦੀ ਸ਼ਕਤੀ ਨਹੀਂ, ਸਗੋਂ ਇਹਨਾਂ ਔਰਤਾਂ ਦੇ ਘਰਵਾਲੇ ਹੀ ਉਹਨਾਂ ਨੂੰ ਆਪਣਾ ਸਪਰਮ ਸਮਗਲ ਕਰ ਕੇ ਭੇਜਦੇ ਹਨ ਅਤੇ ਟੈਸਟ ਟਿਊਬ ਬੇਬੀ ਤਕਨੀਕ ਦੀ ਮਦਦ ਨਾਲ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ।
ਦਰਅਸਲ ਫਿਲੀਸਤੀਨ ਅਤੇ ਇਜ਼ਰਾਇਲ ਦੀ 50 ਸਾਲ ਤੋਂ ਵੱਧ ਸਮੇਂ ਦੀ ਲੜਾਈ ਵਿਚਕਾਰ ਉਥੋਂ ਦੀਆਂ ਔਰਤਾਂ ਨੂੰ ਸੰਤਾਪ ਹੰਢਾਉਣਾ ਪੈ ਰਿਹਾ ਹੈ। ਇਸ ਲੜਾਈ 'ਚ ਫਿਲੀਸਤੀਨ ਦੀਆਂ ਔਰਤਾਂ ਦੇ ਘਰਵਾਲੇ ਇਜ਼ਰਾਈਲ ਦੀਆਂ ਜੇਲ੍ਹਾਂ 'ਚ ਕੈਦ ਹਨ, ਜਿਥੋਂ ਉਹ ਆਪਣੀਆਂ ਘਰਵਾਲੀਆਂ ਨੂੰ ਸਪਰਮ ਸਮਗਲ ਕਰਾ ਕੇ ਫਿਲੀਸਤੀਨ ਬੈਠੀਆਂ ਆਪਣੀਆਂ ਵਹੁਟੀਆਂ ਨੂੰ ਭੇਜਦੇ ਹਨ। ਵਿਦੇਸ਼ੀ ਮੀਡੀਆ ਦੀ ਇੱਕ ਰਿਪੋਰਟ ਅਨੁਸਾਰ ਯਰੂਸਲੇਮ ਦੇ ਜਵਾਬ-ਅਲ-ਮੁਕਾਬਰ ਇਲਾਕੇ 'ਚ ਰਹਿਣ ਵਾਲੀ ਸਾਮਿਆ ਮਸ਼ਹਰਾ ਦਾ ਪਤੀ 16 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਅਤੇ ਉਸਦੇ ਤਿੰਨ ਬੱਚੇ ਹਨ, ਜੋ ਸਪਰਮ ਸਮਗਲ ਰਾਹੀਂ ਪੈਦਾ ਹੋਏ ਹਨ। ਰਿਪੋਰਟ ਮੁਤਾਬਕ ਜੇਲ੍ਹ 'ਚੋਂ ਸਪਰਮ ਦੀ ਤਸਕਰੀ ਸਾਮਿਆ ਦੀ ਸੱਸ ਨੇ ਕੀਤੀ ਸੀ।
ਇਜ਼ਰਾਈਲ ਦੀਆਂ ਜੇਲ੍ਹਾਂ 'ਚ 5 ਹਜ਼ਾਰ ਤੋਂ ਜ਼ਿਆਦਾ ਫਿਲੀਸਤੀਨੀ ਕੈਦ ਹਨ। ਇਜ਼ਰਾਈਲ ਦੁਆਰਾ ਫਿਲੀਸਤੀਨੀਆਂ ਨੂੰ ਬਿਨਾ ਕਿਸੇ ਕੇਸ ਜਾਂ ਸੁਣਵਾਈ ਤੋਂ ਸਿੱਧਾ ਜੇਲ੍ਹ 'ਚ ਭੇਜਣ ਦੀ ਕਾਫੀ ਅਲੋਚਨਾ ਵੀ ਹੁੰਦੀ ਰਹੀ ਹੈ।