ਮ੍ਰਿਤਕ ਸੁਖਵਿੰਦਰ ਸਿੰਘ ਦੀ ਫਾਈਲ ਫੋਟੋ
ਦੀਵਾਲੀ ਦੀ ਰਾਤ ਚੱਲੀਆਂ ਗੋਲੀਆਂ, ਇਕ ਦੀ ਮੌਤ,ਦੋ ਜਖਮੀ
ਲੋਕੇਸ਼ ਰਿਸ਼ੀ
ਗੁਰਦਾਸਪੁਰ, 8 ਨਵੰਬਰ 2018 :- ਗੁਰਦਾਸਪੁਰ ਦੇ ਕਸਬਾ ਦੀਨਾਨਗਰ ਵਿੱਖੇ ਦੀਵਾਲੀ ਦੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਆਪਸੀ ਟਕਰਾ ਹੋ ਗਿਆ। ਘਟਨਾ ਦੌਰਾਨ ਜਿੱਥੇ ਭਿਆਨਕ ਗੋਲੀਬਾਰੀ ਹੋਈ, ਓਥੇ ਹੀ ਇਸ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਿਕ ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਗਰਾਲਾ ਦੇ ਰੂਪ ਵਿੱਚ ਹੋਈ ਹੈ। ਜੱਦ ਕਿ ਜਖਮੀਆਂ ਵਿੱਚ ਰਾਹੁਲ ਪੁੱਤਰ ਸੁਦਰਸ਼ਨ ਕੁਮਾਰ ਅਤੇ ਸੂਰਜ ਪੁੱਤਰ ਰਾਜ ਕੁਮਾਰ ਸ਼ਾਮਲ ਹਨ।
ਉਕਤ ਘਟਨਾ ਸਬੰਧੀ ਸਥਾਨਕ ਪੁਲਿਸ ਵਲੋਂ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਦਿਆਂ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦੀਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਘਟਨਾ ਦੌਰਾਨ ਜਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਦੀਨਾਨਗਰ ਦੀ ਮਗਰਾਲਾ ਚੁੰਗੀ ਦੇ ਨਜਦੀਕ ਰਾਤ ਨੌਂ ਵਜੇ ਵਾਪਰੀ ਸਨਸਨੀਖੇਜ਼ ਘਟਨਾ ਵਿੱਚ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰ ਉਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਦ ਮੌਕੇ ਤੋਂ ਫਰਾਰ ਹੋ ਗਏ।
ਵਾਰਦਾਤ ਵਿੱਚ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 6 ਮ੍ਰਿਤਕ ਸੁਖਵਿੰਦਰ ਸਿੰਘ ਨੂੰ 2 ਸੂਰਜ ਦੇ ਅਤੇ 1 ਰਾਹੁਲ ਦੇ ਵੱਜੀਆਂ ਹਨ।