ਚੰਡੀਗੜ੍ਹ 08 ਨਵੰਬਰ 2018: ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ 7 ਅਕਤੂਬਰ ਤੋਂ ਅਧਿਆਪਕ ਮੰਗਾਂ ਲਈ ਜੋ ਪੱਕਾ ਮੋਰਚਾ ਪਟਿਆਲੇ ਵਿਖੇ ਚਲ ਰਿਹਾ ਹੈ ਅਤੇ ਸਾਰੇ ਪੰਜਾਬ ਵਿੱਚ ਅਧਿਆਪਕ ਸੜਕਾਂ ਉੱਤੇ ਆਏ ਹੋਏ ਹਨ,ਇਸ ਸੰਘਰਸ਼ ਨੂੰ ਹੋਰ ਬਲ ਉਦੋਂ ਮਿਲਿਆ ਜਦੋਂ ਪੰਜਾਬ ਦੇ ਸਾਹਿਤਕਾਰਾਂ ਨੇ ਵੀ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ । ਪੰਜਾਬ ਦੇ ਵਿਦਿਆਰਥੀ ,ਮਜ਼ਦੂਰ ,ਕਿਸਾਨ ਅਤੇ ਹੋਰ ਮਹਿਕਮਿਆਂ ਦੇ ਮੁਲਾਜ਼ਮ ਪਹਿਲਾਂ ਹੀ ਉਹਨਾਂ ਦੇ ਸੰਘਰਸ਼ ਵਿੱਚ ਸਰੀਰਕ ਤੌਰ ਤੇ ਸ਼ਾਮਿਲ ਹਨ । ਅੱਜ ਇੱਥੇ ਸਾਹਿਤਕਾਰਾਂ ਵਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ )ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਨੇ ਦੱਸਿਆ ਕਿ ਪੰਜਾਬੀ ਸਾਹਿਤ ਐਕਡਮੀ ਦੇ ਜਨਰਲ ਸਕੱਤਰ ਡਾ ਸੁਰਜੀਤ ਸਿੰਘ ,ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ,ਸਾਬਕਾ ਪ੍ਰਧਾਨ ਡਾ ਸੁਖਦੇਵ ਸਿੰਘ ਸਿਰਸਾ ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੂਬਾ ਪ੍ਰਧਾਨ ਡਾ ਸਰਬਜੀਤ ਸਿੰਘ ,ਅਤੇ ਪ੍ਰਗਤੀਸ਼ੀਲ ਲੇਖਕ ਸੰਘ(ਰਜਿ ) ਪੰਜਾਬ ਦੇ ਸੂਬਾ ਸਕੱਤਰ ਡਾ ਸੁਰਜੀਤ ਜੱਜ ਨੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕੀਤੀ ਹੈ । ਉਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਪੂਰੇ ਸਕੇਲਾਂ ਵਿੱਚ ਲਾਗੂ ਕਰਨ ਤੇ ਜ਼ੋਰ ਦਿੱਤਾ ਹੈ ।
"ਚਿਰਾਗ "ਮੈਗਜ਼ੀਨ ਦੇ ਸੰਪਾਦਕ ਡਾ ਕਰਮਜੀਤ ਸਿੰਘ ,"ਪ੍ਰਵਚਨ" ਦੇ ਸੰਪਾਦਕ ਡਾ ਰਜਨੀਸ਼ ਬਹਾਦਰ ,"ਹੁਣ" ਦੇ ਸੰਪਾਦਕ ਸੁਸ਼ੀਲ ਦੋਸਾਂਝ ,"ਰਾਗ" ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ,ਸਹਿ ਸੰਪਾਦਕ ਅਜੈ ਤਨਵੀਰ ,"ਸਰੋਕਾਰ "ਦੇ ਸੰਪਾਦਕ ਸੁਖਵਿੰਦਰ ਪੱਪੀ ," ਕਹਾਣੀ ਧਾਰਾ "ਦੇ ਸੰਪਾਦਕ ਭਗਵੰਤ ਰਸੂਲਪੁਰੀ ਅਤੇ "ਸਰੋਕਾਰਾਂ ਦੀ ਆਵਾਜ਼"ਦੇ ਸਹਿ ਸੰਪਾਦਕ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਕਹਿਣ ਨੂੰ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਪਰ ਜੋ ਪੰਜਾਬ ਸਰਕਾਰ ਵਤੀਰਾ ਅਪਣਾ ਰਹੀ ਹੈ ਅਜਿਹਾ ਤਾਂ ਰਜਵਾੜਸ਼ਾਹੀ ਵਿੱਚ ਵੀ ਨਹੀਓਂ ਲਾਗੂ ਕੀਤਾ ਜਾਂਦਾ । ਇਹਨਾਂ ਸੰਪਾਦਕਾਂ ਨੇ ਕਾਂਗਰਸ ਪਾਰਟੀ ਨੂੰ ਕਿਹਾ ਹੈ ਕਿ ਉਹ ਇਸ ਸੰਵੇਦਨਾਸ਼ੀਲ ਮਹਿਕਮੇ ਨੂੰ ਬਚਾਉਣ ਲਈ ਆਪਣੀ ਸਰਕਾਰ ਨੂੰ ਕਹਿਣ ।
ਭਾਰਤੀ ਸਾਹਿਤ ਅਕੈਡਮੀ ਦੇ ਪੁਰਸਕਾਰ ਮੋੜਨ ਵਾਲੇ ਸੀਨੀਅਰ ਲੇਖਕ ਅਤੇ ਪੰਜਾਬੀ ਟਿਰਬਿਊਨ ਦੇ ਸਾਬਕਾ ਸੰਪਾਦਕ ਗੁਰਬਚਨ ਸਿੰਘ ਭੁੱਲਰ ,ਉੱਘੇ ਸਾਹਿਤਕਾਰਾਂ ਅਤਰਜੀਤ ,ਡਾ ਸੁਮੇਲ ਸਿੰਘ ਸਿੱਧੂ,ਡਾ ਅਨੂਪ ਸਿੰਘ ,ਹਰਮੀਤ ਵਿਦਿਆਰਥੀ ,ਅਜਮੇਰ ਸਿੱਧੂ ,ਡਾ ਬਲਜਿੰਦਰ ਨਸਰਾਲੀ,ਪ੍ਰੋ ਨੀਤੂ ਅਰੋੜਾ ,ਸਾਂਵਲ ਧਾਮੀ ,ਡਾ ਬਲਵੰਤ ਸਿੰਘ ਸੰਧੂ ਨੇ ਕਿਹਾ ਹੈ ਕਿ ਜਿਹੜੇ ਅਧਿਆਪਕਾਂ ਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਜਬਰੀ ਬਦਲੀਆਂਕੀਤੀਆਂ ਜਾ ਰਹੀਆਂ ਹਨ ਕੀ ਪੰਜਾਬ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਜਾਂ ਅਧਿਕਾਰਾਂ ਦੀ ਲੜਾਈ ਲੜਨ ਲਈ ਕੋਈ ਸਪੇਸ ਬਾਕੀ ਨਹੀਂ ਬਚੀ ?ਇਹਨਾਂ ਸਾਹਿਤਕਾਰਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਅਜਿਹੇ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਦੀ ਵਜਾਏ ਪੰਜਾਬ ਦੇ ਗਰੀਬ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਅਧਿਆਪਕ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ।
ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਡਾ ਜਸਵਿੰਦਰ ਸਿੰਘ (ਸਾਬਕਾ ਪ੍ਰੋਫੈਸਰ )ਡਾ ਰਾਜਿੰਦਰਪਾਲ ਸਿੰਘ ਬਰਾੜ,ਡਾ ਸੁਰਜੀਤ ਸਿੰਘ ਭੱਟੀ ,ਡਾ ਧਨਵੰਤ ਕੌਰ ,ਡਾ ਭੀਮਇੰਦਰ ਸਿੰਘ,ਡਾ ਚਰਨਜੀਤ ਕੌਰ ,ਡਾ ਗੁਰਮੁਖ ਸਿੰਘ ਅਤੇ ਡਾ ਮੋਹਨ ਤਿਆਗੀ ਨੇ ਕਿਹਾ ਹੈ ਕਿ ਸਿੱਖਿਆ ਨਾਗਰਿਕਾਂ ਡਾ ਮੁਢਲਾ ਅਧਿਕਾਰ ਹੈ । ਸਰਕਾਰ ਘੱਟਤਨਖਾਹਾਂ ਤੇ ਅਧਿਆਪਕਾਂ ਨੂੰ ਰੱਖ ਕੇ ਦੇਸ਼ ਨੂੰ ਕਿਹੋ ਜਿਹੇ ਨਾਗਰਿਕ ਦੇਣਾ ਚਾਹੁੰਦੀ ਹੈ ।
ਪਰਵਾਸੀ ਸਾਹਿਤਕਾਰਾਂ ਅਮਰੀਕਾ ਤੋਂ ਸੁਖਵਿੰਦਰ ਕੰਬੋਜ਼,ਅਸ਼ੌਕ ਭੋਰਾ ,ਯੂ ਕੇ ਤੋਂ ਸੁਖਦੇਵ ਸਿੱਧੂ ,ਤਰਲੋਚਨ ਮੁਠੱਡਾ,ਕਨੇਡਾ ਤੋਂ ਪਰਮਿੰਦਰ ਕੌਰ ਸਵੈਚ,ਜਸਵੀਰ ਮੰਗੂਵਾਲ ਅਤੇ ਆਸਟ੍ਰੇਲੀਆ ਤੋਂ ਸਰਬਜੀਤ ਸੋਹੀ ,ਤੋਂ ਇਲਾਵਾ ਡਾ ਜਗਵਿੰਦਰ ਸਿੰਘ ਯੋਧਾ ,ਪ੍ਰੋ ਜੇ ,ਬੀ, ਸੇਖੋਂ ,ਪ੍ਰੋ ਬਲਵੀਰ ਕੌਰ ਰੀਹਲ ,ਵਿਜੈ ਬੰਬੇਲੀ,ਗੁਰਮੀਤ ਆਰਿਫ ,ਬਾਲ ਸਾਹਿਤਕਾਰ ਅਵਤਾਰ ਸਿੰਘ ਸੰਧੂ,ਬਲਦੇਵ ਸਿੰਘ ਢੀਂਡਸਾ ,ਨਾਟ ਨਿਰਦੇਸ਼ਕ ਹਰਵਿੰਦਰ ਦੀਵਾਨਾ ,ਫਿਲਮਸਾਜ਼ ਅਮਰ ਘੋਲੀਆ,ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਬਾਨੀ ਆਗੂ ਮੇਘ ਰਾਜ ਮਿਤਰ ਨੇਵੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਸੰਘਰਸ਼ਸ਼ੀਲ ਅਧਿਆਪਕਾਂ ਦੀਆਂ ਮੰਗਾਂ ਮੰਨੇ । ਪ੍ਰੋ ਸੰਧੂ ਵਰਿਆਣਵੀ ਨੇ ਲੇਖਕ ਜਥੇਬੰਦੀਆਂ ਅਤੇ ਪੰਜਾਬ ਦੇ ਸਮੂਹ ਲੇਖਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਧਿਆਪਕਾਂ ਦੇ ਚਲ ਰਹੇ ਘੋਲ ਵਿੱਚ ਸ਼ਮੂਲੀਅਤ ਕਰਨ ।