ਕਰਤਾਰਪੁਰ ਲਾਂਘੇ ਦੀ ਮੁੜ ਛਿੜੀ ਚਰਚਾ - ਕੌਮੀ ਇੰਤਜ਼ਾਮੀਆ ਕਮੇਟੀ ਦੀ ਗ੍ਰਹਿ ਮੰਤਰੀ ਨਾਲ ਹੋਈ ਬੈਠਕ
ਨਵੀਂ ਦਿੱਲੀ, 8 ਨਵੰਬਰ 2018 - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਜਲ੍ਹਿਆਂਵਾਲਾ ਬਾਗ਼ ਦੀ ਸ਼ਤਾਬਦੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਵਿਸ਼ੇਸ਼ ਬੈਠਕ ਬੁਲਾਈ ਗਈ। ਜਿਸ 'ਚ ਦੋਵੇਂ ਸ਼ਤਾਬਦੀ ਸਮਾਗਮਾਂ ਬਾਰੇ ਚਰਚਾ ਦੇ ਨਾਲ-ਨਾਲ ਕਰਤਾਰਪੁਰ ਲਾਂਘੇ ਬਾਰੇ ਵੀ ਉਥੇ ਪਹੁੰਚੇ ਪੰਜਾਬ ਦੇ ਮੋਹਰੀਆਂ ਨੇ ਗੱਲਾਂ ਰੱਖੀਆਂ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਵੀ ਵਿਚਾਰਾਂ ਹੋਈਆਂ। ਕੇਂਦਰ ਸਰਕਾਰ ਦੀ ਬੈਠਕ 'ਚ ਪੰਜਾਬ ਤੋਂ ਕੌਮੀ ਇੰਤਜ਼ਾਮੀਆ ਕਮੇਟੀ ਦੇ ਰੂਪ 'ਚ ਪਹਿਲੀ ਵਾਰ ਸਿਆਸੀ ਧਿਰਾਂ ਆਪਸ 'ਚ ਵਿਚਾਰਾਂ ਲਈ ਜੁੜੀਆਂ।
ਭਾਵੇਂ ਪੰਜਾਬ ਮੁੱਖ ਮੰਤਰੀ ਹਾਜ਼ਰੀ ਨਾ ਲਗਵਾ ਸਕੇ ਪਰ ਉਨ੍ਹਾਂ ਦੀ ਥਾਂ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਪਹੁੰਚੇ। ਉਹਨਾਂ ਤੋਂ ਇਲਾਵਾ ਬੈਠਕ 'ਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਸ਼ਾਮਲ ਰਹੇ। ਪੰਜਾਬ ਤੋਂ ਪਹੁੰਚੇ ਇਹਨਾਂ ਸਿੱਖ ਧਾਰਮਿਕ ਮਸਲਿਆਂ ਦੇ ਨਿਮਾਇੰਦਿਆਂ ਨੇ ਕਰਤਾਪੁਰ ਲਾਂਘੇ 'ਤੇ ਜ਼ੋਰ ਪਾ ਕੇ ਗੱਲਬਾਤ ਕੀਤੀ ਤੇ ਜਿਸ 'ਚ ਵੱਡੀ ਗੱਲ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਜਲਦ ਹੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਸ਼ੁਰੂ ਕਰੇਗਾ।
ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨਗੇ। ਪਰ ਸਿੱਧੂ ਨੇ ਇਸ ਸਬੰਧ 'ਚ ਰਾਜਨਾਥ ਸਿੰਘ 'ਤੇ ਹੀ ਗੱਲ ਸੁੱਟੀ ਗਈ ਕਿ ਉਹ ਹੀ ਇਸ ਗੱਲ ਦਾ ਜਵਾਬ ਦੇਣਗੇ।
ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਜਲਿਆਂਵਾਲਾ ਬਾਗ਼ ਵਿੱਚ ਆਉਂਦੇ ਦੋ ਮਹੀਨਿਆਂ ਦੇ ਅੰਦਰ ਵਿਸ਼ੇਸ਼ ਢਾਂਚਾ ਤਿਆਰ ਕਰ ਕੇ ਜਲਿਆਂਵਾਲਾ ਬਾਗ਼ ਸਾਕੇ ਨੂੰ ਦਰਸਾਉਣ ਲਈ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਬਤ ਪਿਛਲੇ ਕਈ ਮਹੀਨਿਆਂ ਤੋਂ ਮੀਡੀਆ ਦੀਆਂ ਸੁਰਖੀਆਂ 'ਚ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਛਾਈ ਰਹੀ ਹੈ। ਪਾਕਿਸਤਾਨ ਸਰਕਾਰ ਪਹਿਲਾਂ ਹੀ ਇਸ ਮਸਲੇ 'ਤੇ ਆਪਣੀ ਪਹਿਲ ਦਿਖਾ ਚੁੱਕੀ ਹੈ ਪਰ ਭਾਰਤ ਸਰਕਾਰ ਨੇ ਅੱਤਵਾਦ ਨੂੰ ਰੋਕਣ 'ਚ ਅਸਫ਼ਲਤਾ ਦੇ ਚੱਲਦਿਆਂ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੀ ਰੱਦ ਕਰ ਦਿੱਤੀ ਸੀ। ਹੁਣ ਐਸਜੀਪੀਸੀ ਪ੍ਰਧਾਨ ਦੇ ਦਾਅਵੇ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫਿਰ ਤੋਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।