ਪਟਿਆਲਾ, 10 ਨਵੰਬਰ 2018: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਡਾਕਟਰੀ ਸਿੱਖਿਆ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇਸੇ ਮਹੀਨੇ 588 ਨਵੇਂ ਡਾਕਟਰ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਇੰਡੀਅਨ ਐਸੋਸੀਏਸ਼ਨ ਆਫ਼ ਕਲੀਨੀਕਲ ਮੈਡੀਸਨ (ਆਈ.ਏ.ਸੀ.ਐਮ) ਦੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਚੱਲ ਰਹੀ 26ਵੀ ਸਾਲਾਨਾ ਕੌਮੀ ਕਾਨਫਰੰਸ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਵੱਜੋਂ ਇਸ ਕਾਨਫਰੰਸ ਵਿਚ ਸ਼ਿਰਕਤ ਕੀਤੀ। ਇਸ ਮੌਕੇ 'ਤੇ ਬੋਲਦਅਿਾਂ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਸਮੂਹ ਡਾਕਟਰੀ ਭਾਈਚਾਰੇ, ਵਿਦਿਆਰਥੀਆਂ ਅਤੇ ਮਰੀਜ਼ਾਂ ਲਈ ਬੇਹਦ ਲਾਹੇਵੰਦ ਹੁੰਦੀਆਂ ਹਨ ਕਿਉਕਿ ਇਨ੍ਹਾਂ ਕਾਨਫਰੰਸਾਂ ਵਿੱਚ ਡਾਕਟਰਾਂ ਵੱਲੋਂ ਆਪਣੇ ਤਜ਼ਰਬੇ ਸਾਂਝੇ ਕੀਤੇ ਜਾਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਮੁਹੱਈਆ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਿਸ ਲਈ ਉਨ੍ਹਾਂ ਨੇ ਸਰਕਾਰ ਵੱਲੋਂ ਇਸ ਵਾਸਤੇ ਚੁੱਕੇ ਜਾ ਰਹੇ ਕਦਮਾਂ ਦਾ ਵਿਸਥਾਰ ਵਿੱਚ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਮਰੀਜ਼ਾਂ ਦਾ ਇੱਕ ਦੂਜੇ ਵਿੱਚ ਭਰੋਸਾ ਹੋਰ ਮਜਬੂਤ ਕਰਨ ਦੀ ਜ਼ਰੂਰ ਹੈ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਓਟ ਕੇਂਦਰ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਡਾਕਟਰ ਦੀ ਅਹਿਮ ਭੂਮਿਕਾ ਹੈ ਅਤੇ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਪ੍ਰਤੀ ਵਰਤੀ ਜਾਂਦੀ ਅਸਹਿਣਸ਼ੀਲਤਾ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਡਾਕਟਰਾਂ ਨੂੰ ਮਰੀਜਾ ਨਾਲ ਹੋਰ ਬਿਹਤਰ ਰਿਸ਼ਤੇ ਬਣਾਉਣ ਦੀ ਗੱਲ ਆਖੀ। ਇਸ ਮੌਕੇ ਤੇ ਉਹਨਾਂ ਨੇ ਇਕ ਸੋਵੀਨਾਰ ਵੀ ਰਲੀਜ਼ ਕੀਤਾ।
ਜ਼ਿਕਰਯੋਗ ਹੈ ਕਿ ''ਕਲੀਨਿਕ ਤੋਂ ਕਲੀਨਿਕਲ ਉਤਮਤਾ'' ਵਿਸ਼ੇ ਤਹਿਤ ਕਰਵਾਈ ਜਾ ਰਹੀ ਇਸ ਕੌਮੀ ਕਾਨਫਰੰਸ ਦੀ ਸੰਯੁਕਤ ਮੇਜਬਾਨੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਕਲੀਨੀਕਲ ਮੈਡੀਸਨ ਵੱਲੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਕਾਨਫਰੰਸ ਦੇ ਆਰਗੇਨਾਇਜ਼ਿੰਗ ਸਕੱਤਰ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਡਾ. ਬੀ.ਐਲ ਭਾਰਦਵਾਜ ਅਤੇ ਡਾ. ਆਰ.ਪੀ.ਐਸ ਸਿਬੀਆ, ਪ੍ਰੋਫੈਸਰ ਮੈਡੀਸਨ ਵਿਭਾਗ ਨੇ ਕਾਨਫਰੰਸ ਦੇ ਵਿਸ਼ੇ ਤੋਂ ਜਾਣੂ ਕਰਵਾਇਆ ਅਤੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਬੀ.ਐਸ. ਸਿੱਧੂ ਨੇ ਇਸ ਮੌਕੇ ਕਾਲਜ ਦੀ ਪ੍ਰਾਪਤੀਆਂ ਤੋਂ ਜਾਣੂ ਕਰਵਾਏ ਅਤੇ ਭਵਿੱਖ ਦੀਆਂ ਯੋਜਨਾਂ 'ਤੇ ਚਾਨਣਾ ਪਾਇਆ।
ਅੱਜ ਕਰਵਾਏ ਗਏ ਸੈਸ਼ਨ ਵਿਚ ਜਿਹੜੇ ਅਹਿਮ ਵਿਸ਼ਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਉਹਨਾਂ ਵਿਚ ਡਾ. ਵੀ.ਐਸ ਰਾਜੂ ਨੇ ਬਜ਼ੁਰਗਾਂ ਦੇ ਜੀਵਨ ਮਿਆਰ ਅਤੇ ਲੰਬੀ ਉਮਰ ਵਾਸਤੇ ਸਿਹਤ ਸੁਧਾਰਾਂ ਬਾਰੇ ਚਾਨਣਾ ਪਾਇਆ, ਡਾ. ਡੀ.ਜੇ ਜੈਨ ਨੇ ਸਾਹ ਦੀਆਂ ਬਿਮਾਰੀਆਂ ਖਾਸ ਕਰਕੇ ਦਮੇ ਅਤੇ ਸੀ.ੳ.ਪੀ.ਡੀ ਬਾਰੇ, ਡਾ. ਪੀ.ਕੇ ਮਹੇਸ਼ਵਰੀ ਨੇ ਜਾਨਲੇਵਾ ਸਟ੍ਰੋਕ ਦੇ ਵੱਖ-ਵੱਖ ਪਹਿਲੂਆਂ ਬਾਰੇ ਅਤੇ ਡਾ. ਪੀ.ਐਸ ਮਹਾਪਾਤਰਾ ਨੇ ਨਾੜੀਆਂ ਦੀ ਸੋਜਸ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਕਾਨਫੰਰਸ ਵਿੱਚ ਡਾ. ਟੀ.ਪੀ ਸਿੰਘ, ਡਾ ਰਾਜੇਸ਼ ਸ਼ਰਮਾ, ਡਾ. ਆਸ਼ੀਸ਼ ਗੌਤਮ, ਡਾ. ਵਾਈ.ਬੀ. ਅਗਰਵਾਲ, ਡਾ. ਅਮਨ ਸ਼ਰਮਾ ਅਤੇ ਡਾ. ਰਾਜੂ ਸਿੰਘ ਛੀਨਾ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਭਾਸ਼ਨ ਦਿੱਤੇ।
ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ, ਡਾ. ਹਰੀਸ਼ ਮਲਹੋਤਰਾਂ ਸਮੇਤ ਵੱਡੀ ਗਿਣਤੀ ਡਾਕਟਰ ਅਤੇ ਵਿਦਿਆਰਥੀ ਮੌਜੂਦ ਸਨ।