ਕਰਤਾਰਪੁਰ ਲਾਂਘਾ ਅੰਦੋਲਨ ਬਾਰੇ ਗੁਰਾਇਆ ਨੇ ਕੀਤੀਆਂ ਕੁਝ ਦਿਲਚਸਪ ਟਿੱਪਣੀਆਂ
ਅੰਮ੍ਰਿਤਸਰ, 15 ਨਵੰਬਰ 2018 - ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਅਤੇ ਲਿਖਾਰੀ ਬੀ. ਐਸ. ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਅੰਦੋਲਨ ਨਾਲ ਸਬੰਧਤ ਕੁਝ ਦਿਲਚਸਪ ਟਿੱਪਣੀਆਂ ਕੀਤੀਆਂ ਨੇ। ਗੁਰਾਇਆ ਲਿਖਦਾ ਹੈ ਕਿ ਕਿਉਕਿ ਮੇਰੀ ਸਰਕਾਰੀ ਨੌਕਰੀ ਖਟਾਈ ਵਿਚ ਪੈ ਗਈ ਸੀ ਅਤੇ ਲਾਂਘਾ ਅੰਦੋਲਨ ਤੋਂ ਹੀ ਮੇਰੀ ਰੋਜੀ ਰੋਟੀ ਚਲਦੀ ਆਈ ਹੈ ਜਿਸ ਕਰਕੇ ਮੈਂ ਇਸ ਲਹਿਰ ਨਾਲ ਲਗਾਤਾਰ ਜੁੜਿਆ ਰਿਹਾ ਤੇ ਕਈ ਉਤਰਾਅ ਚੜਾਅ ਵੇਖੇ ਹਨ।
ਜਦੋਂ ਵੀ ਲਹਿਰ ਨੂੰ ਹੁਲਾਰਾ ਮਿਲਦਾ ਹੈ ਤਾਂ ਕਈ ਲੋਕਾਂ ਨੂੰ ਇਸ ਨਾਲ ਜੁੜਨ ਲਈ ਝਰਨਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਬਰਸਾਤੀ ਡੱਡੂਆਂ ਨੇ ਫਾਇਦੇ ਦੀ ਥਾਂ ਲਹਿਰ ਨੂੰ ਅਕਸਰ ਨੁਕਸਾਨ ਹੀ ਪਹੁੰਚਾਇਆ ਹੈ। ਜਿਵੇ ਤੁਸਾਂ ਪੜਿਆ ਹੋਵੇਗਾ, ਅੱਜ ਕੱਲ੍ਹ ਹੀ, ਭਾਵ ਸਤੰਬਰ ਦੇ ਮਹੀਨੇ ਜਦੋਂ ਲਾਂਘਾ ਅੰਦੋਲਨ ਨੇ ਨਵਜੋਤ ਸਿੱਧੂ ਦੀ ਜੱਫੀ ਕਰਕੇ ਜੋਰ ਫੜਿਆ ਤਾਂ ਇਕ ਦਿਨ ਮਾਲਵੇ ਦੇ ਇਕ ਉੱਘੇ ਲੀਡਰ ਨੇ ਬਿਆਨ ਜਾਰੀ ਕਰ ਦਿਤਾ ਕਿ ਉਹ ਲਾਂਘੇ ਲਈ ਪੰਜਾਬ ਮਾਰਚ ਕਰਨਗੇ।
ਪਰ ਜਿਓ ਹੀ ਉਨਾਂ (ਬਰਾੜ ਸਾਹਿਬ) ਨੇ ਵੇਖਿਆ ਕਿ ਸਰਕਾਰ ਦੀ ਨਜ਼ਰ ਸਵੱਲੀ ਨਹੀ ਤਾਂ ਮਾਰਚ ਵੀ ਠੁੱਸ ਹੋ ਗਈ। ਏਸੇ ਤਰਾਂ ਅਗਸਤ 2004 ਵਿਚ ਉੱਘੇ ਖਾਲਿਸਤਾਨੀ ਸਵਰਗੀ ਜਗਜੀਤ ਸਿੰਘ ਚੌਹਾਨ ਨੇ ਬਿਆਨ ਜਾਰੀ ਕਰ ਦਿਤਾ ਸੀ ਕਿ ਫਲਾਣੀ ਤਾਰੀਕ ਤਕ ਲਾਂਘਾ ਖੋਲੋ ਨਹੀ ਤੇ ਮੈਂ ਫਲਾਣੇ ਦਿਨ ਨੂੰ ਕੰਢਿਆਲੀ ਤਾਰ ਟੱਪਾਂਗਾ। ਅਜਿਹੀਆਂ ਇਕ ਨਹੀ ਦਰਜਨਾਂ ਉਦਾਹਰਣਾਂ ਹਨ। ਕਈਆਂ ਤੇ ਤਾਂ ਚੁਟਕਲੇ ਵੀ ਬਣਦੇ ਹਨ। ਸਿਰਫ ਇਥੇ ਹੀ ਭਾਰਤ ਤੋਂ ਬਾਹਰ ਦੇ ਕਈ ਵੀ ਸੱਜਣ ਗਾਹੇ ਬਿਗਾਹੇ ਪਸੀਨਿਓ ਪਸੀਨੀ ਹੋਏ ਹਨ ਤੇ ਛੇਤੀ ਛੇਤੀ ਹੀ ਠੰਡੇ ਹੁੰਦੇ ਗਏ।
ਇਹੋ ਕਾਰਨ ਹੈ ਅਸੀਂ ਲੋਕ ਕਈ ਵਾਰ ਲਾਂਘੇ ਦੇ ਅਸਲ ਸ਼ੁਭਚਿੰਤਕਾਂ ਨੂੰ ਪਛਾਣ ਨਹੀ ਪਾਉਦੇ। ਨਵਜੋਤ ਸਿੱਧੂ ਨੇ ਸਾਨੂੰ 10-12 ਸਾਲ ਪਹਿਲਾਂ ਹੀ ਕਈ ਵਾਰੀ ਕਿਹਾ ਸੀ ਕਿ ਆਉ ਲਾਂਘੇ ਬਾਰੇ ਗਲ ਕਰੀਏ।ਸਾਨੂੰ ਪਛਤਾਵਾ ਹੈ ਕਿਉਕਿ ਅਸੀ ਸਿੱਧੂ ਨੂੰ ਗੰਭੀਰਤਾ ਨਾਲ ਨਾਂ ਲਿਆ।
ਨਿਰਾ ਸਿੱਧੂ ਹੀ ਨਹੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਂਘੇ ਨਾਲ ਡੂੰਘੀ ਸ਼ਰਧਾ ਰਹੀ ਹੈ। 2003 ਵਿਚ ਇਕ ਵੇਰਾਂ ਰਮਦਾਸ (ਜਿਲਾ ਅੰਮ੍ਰਿਤਸਰ) ਵਿਚ ਇਨਾਂ ਦੀ ਰੈਲੀ ਸੀ। ਅਸੀ ਕਰਤਾਰਪੁਰ ਦਾ ਪੋਸਟਰ ਰੈਲੀ ਵਿਚ ਵੇਚ ਰਹੇ ਸੀ। ਸੁਖਜਿੰਦਰ ਰੰਧਾਵਾ ਮੈਨੂੰ ਬਾਹੋ ਫੜ੍ਹ ਸਟੇਜ ਤੇ ਕੈਪਟਨ ਕੋਲ ਲੈ ਗਏ। ਕੈਪਟਨ ਨੇ ਸਾਨੂੰ ਸਟੇਜ ਤੇ ਆਪਣੇ ਨਾਲ ਬੈਿਠਾ ਲਿਆ। ਕੈਪਟਨ ਮੈਨੂੰ ਸਤਿਕਾਰ ਦੇ ਰਹੇ ਸੀ ਤੇ ਮੇਰਾ ਧਿਆਨ ਆਪਣੇ ਸਟਾਲ ਵਲ ਸੀ ਕਿਉਕਿ ਲੋਕ ਮੇਰਾ ਸਮਾਨ ਚੁੱਕੀ ਜਾ ਰਹੇ ਸਨ। ਅਸੀ ਸਟੇਜ ਤੋਂ ਹੇਠਾਂ ਦੌੜ ਆਏ।
ਸਾਨੂੰ ਯਾਦ ਹੈ ਜਦੋਂ ਪਹਿਲੀ ਸਤੰਬਰ 2004 ਨੂੰ ਨਿਊ ਅੰਮ੍ਰਿਤਸਰ ਵਿਖੇ ਸ਼ਤਾਬਦੀ ਸਮਾਗਮ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤਾਂ ਲਾਂਘੇ ਦੀ ਮੰਗ ਤਰੀਕੇ ਨਾਲ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਕੋਲ ਉਠਾਉਣੀ ਸੀ ਪਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਹ ਮਸਲਾ ਕੈਪਟਨ ਕੋਲੋਂ ਝਟਕੇ ਨਾਲ ਖੋਹ ਲਿਆ। ਕੈਪਟਨ ਦੀ ਸਕੀਮ ਤੇ ਬਾਦਲ ਨੇ ਪੋਚਾ ਫੇਰ ਦਿਤਾ।
ਜੇ ਲੀਡਰਾਂ ਦਾ ਅਜਿਹਾ ਰਵੱਈਆ ਰਿਹਾ ਹੈ ਤਾਂ ਸਾਡੇ ਪੱਤਰਕਾਰਾਂ ਦਾ ਵੀ ਕੁਝ ਅਜਿਹਾ ਹੀ। ਪਰ 20 ਕੁ ਸਾਲ ਦੇ ਅਰਸੇ ਵਿਚ ਜਿੰਨਾਂ ਨੇ ਇਸ ਅੰਦੋਲਨ ਨੂੰ ਉਬਜੈਕਟਿਵਲੀ (ਭਾਵ ਜਿਵੇ ਹੈ, ਤਿਵੇ) ਕਵਰ ਕੀਤਾ ਉਸ ਵਿਚ ਕੁਝ ਇਕ ਹੀ ਪਤ੍ਰਕਾਰਾਂ ਦੇ ਨਾਂ ਆਉਦੇ ਹਨ।
ਅਸੀ ਟ੍ਰੀਬਿਊਨ ਅਖਬਾਰ ਦੇ ਵਰਿੰਦਰ ਵਾਲੀਆ ਤੇ ਸੋਹਣ ਸਿੰਘ ਖਾਸਾਂਵਾਲੀ ਨੂੰ ਨਹੀ ਭੁੱਲ ਸਕਦੇ ਜਿੰਨਾਂ ਦੀ ਖਬਰ ਕਰਕੇ ਲਾਂਘੇ ਦਾ ਅੰਦੋਲਨ ਸ਼ੁਰੂ ਹੋਇਆ।
ਵਾਲੀਆ ਨੇ 16 ਨਵੰਬਰ ਸੰਨ 2000 ਨੂੰ ਨਨਕਾਣਾ ਸਾਹਿਬ ਤੋਂ ਹੀ ਖਬਰ ਦੇ ਦਿਤੀ ਸੀ ਕਿ ਪਾਕਿਸਤਾਨ ਲਾਂਘਾ ਖੋਲਣ ਨੂੰ ਤਿਆਰ ਹੈ। ਇਨਾਂ ਨੇ ਓਥੋਂ ਹੀ ਦਿਲੀ ਫੋਨ ਕਰਕੇ ਭਾਰਤ ਸਰਕਾਰ ਦਾ ਇਸ ਤੇ ਨਜ਼ਰੀਆ ਜਾਨਣਾ ਚਾਹਿਆ ਤਾਂ ਸਰਕਾਰ ਨੇ ਕਹਿ ਦਿਤਾ "ਨੋ ਕੰਮੈਂਟਜ਼।" ਹੈਰਾਨੀ ਦੀ ਗੱਲ ਅੱਜ 19 ਸਾਲ ਦੇ ਅਰਸੇ ਬਾਅਦ ਵੀ ਕੇਂਦਰ ਸਰਕਾਰ ਓਥੇ ਹੀ ਖੜੀ ਹੈ।
14 ਅਪ੍ਰੈਲ 2001 ਨੂੰ ਜਦੋਂ ਡੇਰਾ ਬਾਬਾ ਨਾਨਕ ਸਰਹੱਦ ਤੇ ਕੁਲਦੀਪ ਸਿੰਘ ਵਡਾਲਾ ਸਾਹਿਬ ਦੀ ਦਰਸ਼ਨ ਅਭਿਲਾਖੀ ਸੰਸਥਾ ਤੇ ਜਸਵਿੰਦਰ ਸਿੰਘ ਦੀ ਅਕਾਲ ਪੁਰਖ ਦੀ ਫੌਜ ਨੇ ਪਹਿਲੀ ਲਾਂਘਾ ਅਰਦਾਸ ਕੀਤੀ ਤੇ ਇਸ ਤੇ ਕਿਸੇ ਵੀ ਅਖਬਾਰ ਨੇ ਖਬਰ ਨਾ ਲਾਈ। ਓਦੋਂ ਵੀ ਵਰਿੰਦਰ ਵਾਲੀਆ ਨੇ ਹਫਤਾ ਪਹਿਲਾਂ (9-4-2001) ਅਖਬਾਰ ਦੇ ਪਹਿਲੇ ਪੰਨੇ ਤੇ ਇਸ ਅੰਦੋਲਨ ਬਾਰੇ ਲਿਖ ਦਿੱਤਾ ਸੀ।
ਇਸ ਅੰਦੋਲਨ ਬਾਰੇ ਜਿਸ ਪੱਤਰਕਾਰ ਨੇ ਸਭ ਤੋਂ ਵੱਧ ਉਤਸੁਕਤਾ ਵਿਖਾਈ ਉਹ ਹਨ ਟਾਈਮਜ ਆਫ ਇੰਡੀਆ ਦੇ ਯੁਧਵੀਰ ਰਾਣਾ। ਪਰ ਰਾਣਾ ਸਾਹਿਬ ਹਮੇਸ਼ਾ ਇਕ ਹੀ ਗਲ ਤੇ ਅੜੇ ਰਹਿੰਦੇ, "ਮੈਂ ਨਹੀ ਮੰਨਦਾ ਪਾਕਿਸਤਾਨ ਲਾਂਘਾ ਦੇ ਸਕਦਾ ਹੈ।" ਮੈਨੂੰ ਨਹੀ ਲਗਦਾ ਕਿ ਅੱਜ ਵੀ ਓਨਾਂ ਆਪਣੀ ਜਿੱਦ ਛੱਡੀ ਹੋਵੇ। ਪਰ ਉਨਾਂ ਖਬਰਾਂ ਖੂਬ ਲਾਈਆਂ।
ਸਿੱਖ ਅਕਾਲੀ ਦਲ ਨੂੰ ਆਪਣੀ ਪਾਰਟੀ ਮੰਨਦੇ ਆਏ ਹਨ।(ਅਸੀ ਵੀ ਓਨਾਂ ਵਿਚੋਂ ਹੀ ਰਹੇ ਹਾਂ।) ਅੱਜ ਅਕਾਲੀ ਦਲ ਦੀ ਸਿਖਰ ਲੀਡਰਸ਼ਿਪ ਦਾ ਲਾਂਘੇ ਬਾਰੇ ਗੁਪਤ ਅਜੈਂਡਾ ਲਗ ਪਗ ਨੰਗਾ ਹੋ ਹੀ ਚੁੱਕਾ ਹੈ। ਤੇ ਮਜ਼ੇ ਦੀ ਗਲ। ਸਿੱਖ ਜਿਸ ਅਖਬਾਰ (ਭਾਵ ਅਜੀਤ) ਨੂੰ ਆਪਣੀ ਅਖਬਾਰ ਮੰਨਦੇ ਹਨ, ਲਾਂਘੇ ਬਾਰੇ ਉਸ ਦਾ ਨਜ਼ਰੀਆ ਵੀ ਬਿਲਕੁਲ ਓਹੋ ਹੈ ਜੋ ਅਕਾਲੀ ਦਲ ਦਾ।
ਸੋ ਇਹ ਰਾਜਨੀਤਕ ਖੇਡ ਹਾਥੀ ਦੇ ਦੰਦਾਂ ਸਮਾਨ ਹੈ ਜਿਥੇ ਵਿਖਾਵੇ ਵਾਲੇ ਹੋਰ ਤੇ ਖਾਣਾ ਚਬਾਉਣ ਵਾਲੇ ਦੰਦ ਵੱਖਰੇ ਹੁੰਦੇ ਹਨ।