ਬਾਗਬਾਨੀ ਵਿਭਾਗ ਵੱਲੋਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਨੈਲਾ ਵਿਖੇ ਖੁੰਬਾਂ ਦੀ ਕਾਸ਼ਤ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਗਰੂਕਤਾ ਕੈਂਪ ਦਾ ਦ੍ਰਿਸ਼
ਖੁੰਬਾਂ ਦਾ ਭੋਜਨ ਸਾਕਾਹਾਰੀ ਵਿਅਕਤੀਆਂ ਲਈ ਕਰਦਾ ਹੈ ਪੌਸ਼ਟਿਕ ਖੁਰਾਕ ਦਾ ਕੰਮ
ਫ਼ਤਹਿਗੜ੍ਹ ਸਾਹਿਬ, 15 ਨਵੰਬਰ 2018: ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਰਵਾਇਤੀ ਖੇਤੀ ਲਾਹੇਵੰਦ ਨਹੀਂ ਰਹੀ ਤਾਂ ਉਸ ਸਮੇਂ ਸਹਾਇਕ ਧੰਦੇ ਅਪਣਾ ਕੇ ਹੀ ਕਿਸਾਨ ਆਪਣੀ ਆਰਥਿਕਤਾ ਵਿੱਚ ਵਾਧਾ ਕਰ ਸਕਦੇ ਹਨ ਅਤੇ ਖੁੰਬਾਂ ਦੀ ਖੇਤੀ ਅਜਿਹੀ ਖੇਤੀ ਹੈ ਜੋ ਕਿ ਤੂੜੀ ਜਾਂ ਝੋਨੇ ਦੀ ਪਰਾਲੀ ਵਿੱਚ ਕੀਤੀ ਜਾ ਸਕਦੀ ਹੈ। ਖੁੰਬਾਂ ਦੀ ਕਾਸ਼ਤ ਅਕਤੂਬਰ ਤੋਂ ਮਾਰਚ ਤੱਕ ਬਹੁਤ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜਦੋਂ ਕਿ ਢੀਂਗਰੀ ਖੁੰਬ ਦੀ ਕਾਸ਼ਤ ਬਿਨਾਂ ਕੰਪੋਸਟ ਤੋਂ ਤਿਆਰ ਕੀਤਿਆਂ ਤੂੜੀ ਜਾਂ ਪਰਾਲੀ ਵਿੱਚ ਹੀ ਕੀਤੀ ਜਾ ਸਕਦੀ ਹੈ। ਇਸ ਨੂੰ ਪੈਦਾ ਕਰਨ ਲਈ ਕਿਸੇ ਖਾਦ ਜਾਂ ਦਵਾਈ ਦੀ ਲੋੜ ਨਹੀਂ ਪੈਂਦੀ ਤੇ ਇਸ ਦੀ ਰਸਾਇਣ ਰਹਿਤ ਉਪਜ ਕੀਤੀ ਜਾ ਸਕਦੀ ਹੈ, ਜਿਸ ਨਾਲ ਮਨੁੱਖੀ ਸਿਹਤ 'ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਰਜਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦੇ ਵਜੋਂ ਖੁੰਬਾਂ ਦੀ ਖੇਤੀ ਲਈ ਜਾਗਰੂਕ ਕਰਨ ਵਾਸਤੇ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਪਿੰਡ ਮਨੈਲਾ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਖੁੰਬਾਂ ਦਾ ਬੀਜ (ਸਪਾਨ) ਮੁਫਤ ਵਿੱਚ ਵੰਡਿਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਕਰਨ ਦੀ ਸਿਖਲਾਈ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਟਨ ਖੁੰਬ ਦੀ ਕਾਸ਼ਤ ਕਰਨ ਲਈ ਪਹਿਲਾਂ ਕੰਪੋਸਟ ਤਿਆਰ ਕਰਨੀ ਪੈਂਦੀ ਹੈ ਅਤੇ ਅੱਜ ਕੱਲ ਬਟਨ ਖੁੰਬ ਦੀ ਕਾਸ਼ਤ ਲਈ ਤਿਆਰ ਕੰਪੋਸਟ 700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬਾਗਬਾਨੀ ਵਿਭਾਗ ਕੋਲ ਉਪਲਬਧ ਹੈ। ਉਨ੍ਹਾਂ ਕਿਹਾ ਕਿ ਹੁਣ ਬਟਨ ਖੁੰਬ ਤੇ ਢੀਂਗਰੀ ਖੁੰਬ ਦੀਆਂ ਇਸ ਸਮੇਂ ਦੌਰਾਨ ਦੋ ਫਸਲਾਂ ਲਈਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਵੱਧ ਝਾੜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਡਾ. ਗਰਚਾ ਨੇ ਦੱਸਿਆ ਕਿ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਤੱਤਾਂ ਦੀ ਲੋੜ ਹੈ। ਇਨ੍ਹਾਂ ਖੁਰਾਕੀ ਤੱਤਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਅਤ ਫਲਾਂ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਕੁਝ ਖੁਰਾਕੀ ਤੱਤ ਮਾਸਾਹਰੀ ਭੋਜਨ ਅਤੇ ਸ਼ਾਕਾਹਾਰੀ ਭੋਜਨ ਤੋਂ ਮਿਲਦੇ ਹਨ ਅਤੇ ਜਿਹੜੇ ਤੱਤ ਮਾਸਾਹਾਰੀ ਭੋਜਨ ਤੋਂ ਮਿਲਦੇ ਹਨ ਉਹੀ ਤੱਤ ਖੁੰਬਾਂ ਤੋਂ ਵੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਢੀਂਗਰੀ ਖੁੰਬ ਅਤੇ ਬਟਨ ਖੁੰਬ ਇੱਕ ਅਜਿਹਾ ਭੋਜਨ ਹੈ ਜੋ ਕਿ ਸਾਕਾਹਾਰੀ ਵਿਅਕਤੀਆਂ ਲਈ ਪੌਸ਼ਟਿਕ ਖੁਰਾਕ ਦਾ ਕੰਮ ਕਰਦਾ ਹੈ। ਇਸ ਵਿੱਚ ਪ੍ਰੋਟੀਨ, ਕਾਬੋਹਾਈਡਰੇਟਸ, ਖਣਿਜ, ਅਸੀਨੋ ਐਸਿਤ ਅਤੇ ਵਿਟਾਮਿਨ ਕਾਫੀ ਮਾਤਰਾ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਹਾਸਲ ਕਰਨਾ ਬੜਾ ਹੀ ਸੌਖਾ ਹੈ। ਉਨ੍ਹਾਂ ਹੋਰ ਦੱਸਿਆ ਕਿ ਖੁੰਬਾਂ ਵਿੱਚ 90 ਫੀਸਦੀ ਪਾਣੀ, 3 ਤੋਂ ਸਾਢੇ ਤਿੰਨ ਫੀਸਦੀ ਪ੍ਰੋਟੀਨ, 0.6 ਫੀਸਦੀ ਫੈਟ ਅਤੇ ਵੱਖ-ਵੱਖ ਮਾਤਰਾ ਵਿੱਚ ਖਣਿਜ ਪਦਾਰਥ ਅਤੇ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਵੀ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਖੁੰਬਾਂ ਤੋਂ ਸਾਨੂੰ ਫੋਲਿਕ ਐਸਿਡ ਜੋ ਕਿ ਖੂਨ ਬਣਾਉਣ ਵਾਲਾ ਤੱਤ ਹੁੰਦਾ ਹੈ, ਵੀ ਪ੍ਰਾਪਤ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਐਸਕਾਰਬਿਕ ਐਸਿਡ ਬੱਚਿਆਂ ਦੇ ਖੂਨ ਤੇ ਜਬਾੜੇ ਦੇ ਰੋਗਾਂ ਨੂੰ ਦੂਰ ਕਰਨ ਲਈ ਜਰੂਰੀ ਹੈ। ਉਨ੍ਹਾਂ ਕਿਹਾ ਕਿ ਖੁੰਬਾਂ ਵਿੱਚ ਥੰਦਿਆਈ ਘੱਟ ਹੋਣ ਕਰਕੇ ਇਹ ਮੋਟਾਪੇ ਦਾ ਸ਼ਿਕਾਰ ਵਿਅਕਤੀਆਂ ਲਈ ਵਧੀਆ ਖੁਰਾਕ ਹੈ ਅਤੇ ਇਸ ਵਿੱਚ ਅਜਿਹੇ ਪਾਦਰਥ ਪਾਏ ਗਏ ਹਨ ਜਿਨ੍ਹਾਂ ਵਿੱਚ ਕੀਟਾਣੂਆਂ ਅਤੇ ਵਿਸ਼ਾਣੂਆਂ ਨਾਲ ਟੱਕਰ ਲੈਣ ਦੀ ਸਮਰੱਥਾ ਹੁੰਦੀ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਵਿੱਚ ਫਿਨੋਲਿਕਸ ਐਸਟਨੀਨ ਜਿਹੇ ਪਦਾਰਥ ਵੀ ਹਨ ਜਿਹੜੇ ਕਿ ਕਲੈਸਟਰੋਲ ਦੀ ਮਾਤਰਾ ਨੂੰ ਘਟਾਉਂਦੇ ਹਨ ਅਤੇ ਕੈਂਸਰ ਜਿਹੇ ਰੋਗਾਂ ਦੇ ਇਲਾਜ ਵਿੱਚ ਵੀ ਸਹਾਈ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪਿੰਡ ਮਨੈਲਾ ਵਿਖੇ ਖੁੰਬਾਂ ਦੀ ਕਾਸ਼ਤ ਕਰਨ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਉਪ ਨਰੀਖਕ ਅਮਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ ਖਮਾਣੋਂ ਸ਼੍ਰੀ ਗੁਰਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਸ਼੍ਰੀ ਦਮਨਜੀਤ ਝਾਂਜੀ ਨੇ ਵੀ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਦੀ ਸਲਾਹ ਦਿੱਤੀ।