← ਪਿਛੇ ਪਰਤੋ
ਨਾਭਾ/ਪਟਿਆਲਾ, 15 ਨਵੰਬਰ 2018: ਪਟਿਆਲਾ ਜ਼ਿਲ੍ਹੇ ਦੇ ਪਿੰਡ ਚਾਸਵਾਲ ਦੇ ਕਿਸਾਨ ਜਤਿੰਦਰ ਸਿੰਘ ਨੇ ਆਪਣੀ 40 ਏਕੜ ਜਮੀਨ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਜਿਥੇ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਹੈ ਉਥੇ ਹੀ ਖਰਚੇ ਵਿੱਚ ਵੀ ਕਮੀ ਆਉਣ ਦਾ ਦਾਅਵਾ ਕੀਤਾ ਹੈ। ਇਸ ਬਾਰੇ ਗੱਲ ਕਰਦਿਆ ਪਿੰਡ ਚਾਸਵਾਲ ਦੇ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤੋਂ ਪ੍ਰਭਾਵਿਤ ਹੋਕੇ ਉਸਨੇ ਪਿਛਲੇ ਦੋ ਸਾਲਾਂ ਦੌਰਾਨ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਈ ਅਤੇ ਇਸ ਦੇ ਉਸਨੂੰ ਕਾਫ਼ੀ ਸਾਰਥਕ ਨਤੀਜੇ ਸਾਹਮਣੇ ਆਏ ਹਨ। ਜਤਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਡੀ. ਫਾਰਮੇਸੀ ਕਰਨ ਉਪਰੰਤ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਅਪਣਾਇਆ ਅਤੇ ਆਪਣੀ 40 ਏਕੜ ਜਮੀਨ ਵਿੱਚ ਖੇਤੀ ਕਰਨੀ ਸ਼ੁਰੂ ਕੀਤੀ ਪਰ ਉਸਨੇ ਮਹਿਸੂਸ ਕੀਤਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੁੰਹਿਦ ਨੂੰ ਅੱਗ ਲਗਾਉਣ ਨਾਲ ਜੋ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ ਉਹ ਝੋਨੇ ਦੀ ਫ਼ਸਲ ਤੋਂ ਕਮਾਏ ਪੈਸਿਆਂ ਨਾਲ ਵੀ ਦਰੁਸਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਮਨ ਬਣਾਇਆ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਏਗਾ ਪਰ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਕੇ ਖਰਚ ਵਿੱਚ ਵਾਧਾ ਹੋਵੇਗਾ, ਝਾੜ ਵਿੱਚ ਕਮੀ ਵੀ ਆਵੇਗੀ ਅਤੇ ਕਈ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਉਸਨੇ ਦੇਖਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਜਿਥੇ ਖਰਚੇ ਵਿੱਚ ਕਮੀ ਆਈ ਉਥੇ ਝਾੜ ਵਿੱਚ ਵੀ ਕੋਈ ਕਮੀ ਨਹੀਂ ਆਈ ਅਤੇ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਵੀ ਸਾਹਮਣਾ ਨਹੀਂ ਕਰਨਾ ਪਿਆ। ਜਤਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਦੇ ਉਸਦੇ ਸਫਲ ਤਜਰਬੇ ਤੋਂ ਬਾਅਦ ਉਸਦੇ ਕਈ ਰਿਸ਼ਤੇਦਾਰਾਂ ਨੇ ਅਤੇ ਪਿੰਡ ਵਾਲਿਆਂ ਨੇ ਵੀ ਇਸਨੂੰ ਅਪਣਾਇਆ ਹੈ ਅਤੇ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਸੰਤੁਸ਼ਟੀ ਜਾਹਰ ਕੀਤੀ ਹੈ। ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਖੇਤਾਂ ਵਿੱਚ ਵਾਹੁਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਜੇਕਰ ਅਸੀਂ ਹੁਣ ਵੀ ਨਾ ਹਟੇ ਤਾਂ ਬਹੁਤ ਦੇਰ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗ ਲਗਾਉਣ ਦੀ ਜਗਾ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ।
Total Responses : 188