ਰੈਲ ਮਾਜਰਾ, 15 ਨਵੰਬਰ,2018: ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰਾਜ ਸਰਕਾਰ ਦੇ ਘਰ ਘਰ ਰੋਜ਼ਗਾਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲ ਮਾਜਰਾ ਵਿਖੇ ਲਾਏ ਗਏ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਨੂੰ ਆਸ ਤੋਂ ਵੀ ਵਧੇਰੇ ਹੁੰਗਾਰਾ ਪ੍ਰਾਪਤ ਹੋਇਆ, ਜਿਸ ਤਹਿਤ ਸ਼ਾਮ ਤੱਕ 1760 ਤੋਂ ਵਧੇਰੇ ਨੌਜੁਆਨਾਂ ਨੇ ਸ਼ਮੂਲੀਅਤ ਕੀਤੀ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ 10ਵੀਂ ਤੇ ਉਸ ਤੋਂ ਉੱਪਰ ਦੀ ਵਿਦਿਅਕ ਯੋਗਤਾ ਵਾਲੇ ਉਮੀਦਵਾਰਾਂ ਲਈ ਲਾਇਆ ਗਿਆ ਸੀ ਜੋ ਕਿ ਸਫ਼ਲ ਸਿੱਧ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਵਿੱਚ ਆਏ ਨੌਜੁਆਨ ਲੜਕੇ-ਲੜਕੀਆਂ ਵੱਲੋਂ ਸਮੁੱਚੇ ਅਮਲ ਦੌਰਾਨ ਅਪਣਾਏ ਅਨੁਸ਼ਾਸਨੀ ਵਤੀਰੇ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਪ੍ਰਸ਼ਾਸ਼ਨ ਵੱਲੋਂ ਉਮੀਦਵਾਰਾਂ ਦੇ ਰੋਜ਼ਗਾਰ ਦੇ ਪ੍ਰਬੰਧ ਲਈ ਦੋ ਦਰਜਨ ਤੋਂ ਵਧੇਰੇ ਕੰਪਨੀਆਂ ਦੇ ਪ੍ਰਤੀਨਿਧਾਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਆਖਿਆ ਕਿ ਉਕਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਜਿਸਟਰ ਹੋਏ ਨੌਜੁਆਨਾਂ ਦੀ ਯੋਗਤਾ ਮੁਤਾਬਕ ਰੋਜ਼ਗਾਰ ਲਈ ਹੋਰਨਾਂ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨਾਲ ਗੱਲਬਾਤ ਕੀਤੀ ਜਾਵੇਗੀ।
ਰੋਜ਼ਗਾਰ ਮੇਲੇ ਵਿੱਚ ਨੌਜੁਆਨਾਂ ਦੀ ਹੌਂਸਲਾ ਅਫ਼ਜਾਈ ਕਰਨ ਪੁੱਜੇ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਨੌਕਰੀ ਦੇ ਚੋਣ ਵਾਅਦੇ ’ਤੇ ਅਮਲ ਸ਼ੁਰੂ ਕਰ ਕੀਤਾ ਹੋਇਆ ਹੈ ਜਿਸ ਤਹਿਤ ਸਮੁੱਚੇ ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਇਸ ਸ਼ੁਰੂਆਤ ਨਾਲ ਹੁਣ ਤੱਕ ਰਾਜ ਦੇ ਹਜ਼ਾਰਾਂ ਉਨ੍ਹਾਂ ਨੌਜੁਆਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਵਾਏ ਗਏ ਹਨ ਜੋ ਕਿ ਰੋਜ਼ਗਾਰ ਲਈ ਢੁਕਵਾਂ ਪਲੇਟਫ਼ਾਰਮ ਨਾ ਮਿਲਣ ਕਾਰਨ ਮਾਯੂਸ ਸਨ।
ਵਿਧਾਇਕ ਮੰਗੂਪੁਰ ਨੇ ਆਖਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਨੌਕਰੀਆਂ ਵਿਅਿਦਕ ਯੋਗਤਾ ਤੇ ਮੈਰਿਟ ਮੁਤਾਬਕ ਮਿਲਣੀਆਂ ਹਨ, ਇਸ ਲਈ ਨੌਜੁਆਨ ਆਪਣੀ ਵਿਦਿਅਕ ਕਾਬਲੀਅਤ ਪ੍ਰਤੀ ਗੰਭੀਰ ਹੋਣ ਅਤੇ ਜਿਹੜੇ ਸਕੂਲਾਂ/ਕਾਲਜਾਂ ਵਿੱਚ ਪੜ੍ਹ ਰਹੇ ਹਨ, ਉਹ ਵੀ ਆਪਣੀ ਪੜ੍ਹਾਈ ਵਿੱਚ ਚੰਗੇ ਮਾਅਰਕੇ ਮਾਰਨ। ਉਨ੍ਹਾਂ ਆਖਿਆ ਕਿ ਦਿਨੋ-ਦਿਨ ਨੌਕਰੀਆਂ ਦੇ ਅਵਸਰਾਂ ਵਿੱਚ ਪ੍ਰਤੀਯੋਗਤਾ ਸਖਤ ਹੁੰਦੀ ਜਾ ਰਹੀ ਹੈ, ਜਿਸ ਤੋਂ ਇਹ ਗੱਲ ਸਾਫ਼ ਹੈ ਕਿ ਸਾਨੂੰ ਆਪਣਾ ਰੋਜ਼ਗਾਰ ਭਵਿੱਖ ਬਣਾਉਣ ਲਈ ਆਪਣੇ ਅਕਾਦਮਿਕ ਭਵਿੱਖ ਨੂੰ ਸੰਵਾਰਨਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਦੇ ਨਤੀਜਿਆਂ ਤੋਂ ਸੰਤੁਸ਼ਟ ਹੈ ਅਤੇ ਭਵਿੱਖ ਵਿੱਚ ਇਨ੍ਹਾਂ ਮੇਲਿਆਂ ਨੂੰ ਆਯੋਜਿਤ ਕਰਨ ਸਬੰਧੀ ਹੋਰ ਵੀ ਬੇਹਤਰ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਰੋਜ਼ਗਾਰ ਮੇਲੇ ਲਈ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਕਾਰਜਕਾਰੀ ਏ ਡੀ ਸੀ (ਜ) ਜਗਜੀਤ ਸਿੰਘ ਐਸ.ਡੀ.ਐਮ. ਬਲਾਚੌਰ ਨੇ ਰੋਜ਼ਗਾਰ ਮੇਲੇ ਦੀ ਪ੍ਰਗਤੀ ਰਿਪੋਰਟ ਦਸੱਦਿਆਂ ਕਿਹਾ ਕਿ ਰੋਜ਼ਗਰ ਮੇਲੇ ’ਚ ਸ਼ਮੂਲੀਅਤ ਕਰਨ ਵਾਲੇ 1760 ਉਮੀਦਵਾਰਾਂ ’ਚੋਂ 1625 ਦੀ ਇੰਟਰਵਿਊ ਇਨ੍ਹਾਂ ਕੰਪਨੀਆਂ ਵੱਲੋਂ ਲਈ ਗਈ, ਜਿਸ ਵਿੱਚੋਂ 674 ਨੂੰ ਰੋਜ਼ਗਾਰ ਦਿੱਤਾ ਗਿਆ ਜਦਕਿ 484 ਹੋਰ ਉਮੀਦਵਾਰਾਂ ਨੂੰ ਇਨ੍ਹਾਂ ਕੰਪਨੀਆਂ ਵੱਲੋਂ ਸ਼ਾਰਟ-ਲਿਸਟ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਸੁਰੇਸ਼ ਸੇਠ, ਸੰਸਥਾ ਦੇ ਜਾਇੰਟ ਡਾਇਰੈਕਟਰ ਪਲੇਸਮੈਂਟ ਤੇ ਸਿਖਲਾਈ ਸਤਬੀਰ ਸਿੰਘ ਬਾਜਵਾ ਅਤੇ ਹੋਰ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਗਾਰ ਮੇਲੇ ਵਾਲੀ ਥਾਂ ’ਤੇ ਉਮੀਦਵਾਰਾਂ ਦੇ ਆਉਣ-ਜਾਣ ਲਈ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਤੋਂ ਵਿਸ਼ੇਸ਼ ਬੱਸ ਸੇਵਾ ਦਾ ਪ੍ਰਬੰਧ ਕਰਨ ਤੋਂ ਇਲਾਵਾ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਵਿਸ਼ੇਸ਼ ਤੌਰ ’ਤੇ ਕੀਤਾ ਗਿਆ ਸੀ।