SIT ਦੀ ਪੜਤਾਲ ਮਹਿਜ਼ ਦਿਖਾਵਾ, ਚੱਲੇਗੀ ਕੈਪਟਨ ਦੀ - ਬਾਦਲ
ਚੰਡੀਗੜ੍ਹ, 16 ਨਵੰਬਰ 2018 - ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਬੇਅਦਬੀ ਮਾਮਲਿਆਂ ਸਬੰਧੀ ਬਣੀ ਐਸ.ਆਈ.ਟੀ ਨੇ ਅੱਜ ਉਨ੍ਹਾਂ ਦੀ ਰਿਹਾਇਸ਼ 'ਚ ਪੁੱਜ ਕੇ ਸਵਾਲ ਜਵਾਬ ਕੀਤੇ। ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਾਫੀ ਲੰਮਾ ਸਮਾਂ ਇਹ ਸਵਾਲ ਜਵਾਬਾਂ ਦਾ ਦੌਰ ਚੱਲੇਗਾ, ਪਰ ਮਹਿਜ਼ 30 ਜਾਂ 35 ਕੁ ਮਿੰਟਾਂ ਦੇ ਅੰਦਰ-ਅੰਦਰ ਹੀ ਐਸ.ਆਈ.ਟੀ ਮੁਖੀ ਪ੍ਰਬੋਧ ਕੁਮਾਰ ਤੇ ਜਾਂਚ ਅਫਸਰ ਕੁੰਵਰ ਵਿਜੈ ਪ੍ਰਤਾਪ ਸਵਾਲ ਜਵਾਬ ਕਰ ਕੇ ਵਾਪਸ ਚਲੇ ਗਏ।
ਪੁੱਛਗਿੱਛ ਤੋਂ ਬਾਅਦ ਸ. ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਇਸ ਗੱਲ 'ਤੇ ਹੈਰਾਨ ਹਨ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਦੇ ਮੁਖੀ ਨੂੰ ਗਵਾਹ ਦੇ ਤੌਰ 'ਤੇ ਸੰਮਨ ਕੀਤਾ ਗਿਆ ਹੋਵੇ ਤੇ ਉਨ੍ਹਾਂ ਨੂੰ ਗਵਾਹ ਤੋਂ ਮੁਜ਼ਰਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਸ. ਬਾਦਲ ਨੇ ਕਿਹਾ ਕਿ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਐਸ.ਆਈ.ਟੀ ਆਪਣੀ ਡਿਊਟੀ ਕਰ ਰਹੀ ਹੈ ਤੇ ਆਖ਼ਰ ਨੂੰ ਹੋਣਾ ਉਹ ਹੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਆਖੇਗਾ।
ਸ. ਬਾਦਲ ਨੇ ਕਿਹਾ ਕਿ ਐਸ.ਆਈ.ਟੀ ਕੋਲ ਪੁੱਛਣ ਲਈ ਕੋਈ ਸਵਾਲ ਹੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਕੁਝ ਮਿੰਟਾਂ 'ਚ ਹੀ ਗੱਲ ਮੁਕਾ ਦਿੱਤੀ । ਉਨ੍ਹਾਂ ਕਿਹਾ ਕਿ ਐਸ.ਆਈ.ਟੀ ਨੇ ਉਨ੍ਹਾਂ ਤੋਂ 2-4 ਸਵਾਲ ਹੀ ਕਿਤੇ ਜਿੰਨ੍ਹਾਂ ਦੇ ਉਨ੍ਹਾਂ ਬੜੇ ਵਧੀਆ ਢੰਗ ਨਾਲ ਜਵਾਬ ਦਿੱਤੇ ਤੇ ਜਿਸ ਕਾਰਨ ਅਫਸਰ ਪੂਰੇ ਸੰਤੁਸ਼ਟ ਹੋ ਕੇ ਗਏ ਹਨ। ਅਕਸ਼ੈ ਕੁਮਾਰ ਬਾਰੇ ਉਨ੍ਹਾਂ ਕਿਹਾ ਕਿ ਐਸ.ਆਈ.ਟੀ ਨੇ ਅਕਸ਼ੈ ਕੁਮਾਰ ਬਾਰੇ ਕੋਈ ਸਵਾਲ ਨਹੀਂ ਕੀਤਾ ਤੇ ਨਾ ਹੀ ਉਹ ਅਕਸ਼ੈ ਕੁਮਾਰ ਨੂੰ ਕੋਈ ਬਹੁਤਾ ਜਾਣਦੇ ਹਨ। ਦੱਸ ਦੇਈਏ ਕਿ ਸੁਖਬੀਰ ਬਾਦਲ ਵੀ ਅੱਜ ਇਥੇ ਮੌਜੂਦ ਸਨ ਪਰ ਉਹ ਅੱਜ ਮੀਡੀਆ ਤੋਂ ਕਿਨਾਰਾ ਕਰਦੇ ਹੀ ਨਜ਼ਰ ਆਏ।