← ਪਿਛੇ ਪਰਤੋ
ਐੱਸ.ਏ.ਐੱਸ. ਨਗਰ 16 ਨਵੰਬਰ 2018: ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਅੱਜ ਨੋਟਿਸ ਰਾਹੀਂ ਸਮੂਹ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਰਵ ਸਿੱਖਿਆ ਅਭਿਆਨ ਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੇ ਹੋਰ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਜਿਹੜੇ ਅਧਿਆਪਕਾਂ ਨੇ ਸਿੱਖਿਆ ਵਿਭਾਗ 'ਚ ਆਉਣ ਦੀ ਆਪਸ਼ਨ ਦੇ ਦਿੱਤੀ ਹੈ ਅਤੇ ਉਹਨਾਂ ਨੂੰ ਰੈਗੂਲਰ ਨਿਯੁਕਤੀ ਦੇ ਹੁਕਮ ਪ੍ਰਾਪਤ ਨਹੀਂ ਹੋਏ ਉਹਨਾਂ ਨੂੰ ਵਿਭਾਗ ਵੱਲੋਂ ਮੁੱਖ ਦਫਤਰ ਵਿਖੇ 19 ਨਵੰਬਰ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ| ਇਸ ਸਬੰਧੀ ਜਦੋਂ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੇ ਵੱਡੀ ਗਿਣਤੀ 'ਚ ਪਿਛਲੇ ਦਿਨਾਂ 'ਚ ਰੈਗੂਲਰ ਨਿਯੁਕਤੀ ਦੇ ਹੁਕਮ ਪ੍ਰਾਪਤ ਕਰ ਲਏ ਹਨ ਅਤੇ ਇਹਨਾਂ ਅਧਿਆਪਕਾਂ ਨੇ ਸਕੂਲਾਂ 'ਚ ਹਾਜ਼ਰੀ ਦੇ ਕੇ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਹੈ| ਇਹਨਾਂ ਤੋਂ ਇਲਾਵਾ ਸੈਂਕੜਿਆਂ ਅਧਿਆਪਕਾਂ ਨੇ ਸਿੱਖਿਆ ਵਿਭਾਗ 'ਚ ਆਉਣ ਦੀ ਆਪਸ਼ਨ ਕਲਿੱਕ ਕੀਤੀ ਹੋਈ ਹੈ ਅਤੇ ਉਹਨਾਂ ਦੇ ਰੈਗੂਲਰ ਨਿਯੁਕਤੀ ਦੇ ਹੁਕਮ ਤਿਆਰ ਕਰਨ ਦੀ ਪ੍ਰਕਿਰਿਆ ਜਾਰੀ ਹੈ| ਇਹ ਹੁਕਮ 19 ਨਵੰਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਵਿਖੇ ਅਧਿਆਪਕਾਂ ਨੂੰ ਜਾਰੀ ਕੀਤੇ ਜਾਣਗੇ| ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਅਧਿਆਪਕ 18 ਨਵੰਬਰ ਤੱਕ ਆਪਸ਼ਨ ਦੇ ਦੇਣਗੇ ਉਹਨਾਂ ਨੂੰ ਵੀ 19 ਨਵੰਬਰ ਨੂੰ ਰੈਗੂਲਰ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ|
Total Responses : 189