ਚੀਫ ਖਾਲਸਾ ਦੀਵਾਨ ਦੀ ਚੋਣ ਪ੍ਰਤੀ ਚੋਣ ਮੈਨੀਫਸਟੋ ਜਾਰੀ ਕਰਦੇ ਹੋਏ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ, ਰਾਜਮਹਿੰਦਰ ਸਿੰਘ ਮਜੀਠਾ, ਭਾਗ ਸਿੰਘ ਅਣਖੀ, ਧਨਰਾਜ ਸਿੰਘ, ਰਜਿੰਦਰਮੋਹਨ ਸਿੰਘ ਛੀਨਾ, ਨਰਿੰਦਰ ਸਿੰਘ ਖੁਰਾਣਾ, ਪ੍ਰਿਸੀਪਲ ਜਗਦੀਸ਼ ਸਿੰਘ ਫੋਰ ਐਸ, ਬੀਬੀ ਕਿਰਨਜੋਤ ਕੌਰ ਤੇ ਹੋਰ
ਅਮ੍ਰਿਤਸਰ 16 ਨਵੰਬਰ 2018: ''ਅਸੀਂ ਸਿੱਖ ਸੰਗਤ ਨੂੰ ਯਕੀਨ ਦੁਵਾਉਦੇ ਹਾਂ ਕਿ ਗੁਰੂ ਦੀ ਬਖਸ਼ਿਸ਼ ਅਤੇ ਸੰਗਤ ਦੇ ਸਮਰਥਨ ਸਦਕਾ ਚੀਫ ਖਾਲਸਾ ਦੀਵਾਨ ਨੂੰ ਉਸ ਮੁਕਾਮ 'ਤੇ ਵਾਪਸ ਲੈ ਕੇ ਜਾਵਾਂਗੇ ਜਿਥੇ ਇਹ ਹੋਣਾ ਚਾਹੀਦਾ ਸੀ।''
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ, ਭਾਗ ਸਿੰਘ ਅਣਖੀ, ਰਾਜਮਹਿੰਦਰ ਸਿੰਘ ਮਜੀਠੀਆ ਅਤੇ ਧਨਰਾਜ ਸਿੰਘ ਵਲੋਂ ਦੀਵਾਨ ਦੀਆਂ ਚੋਣਾਂ 'ਚ ਖੜੇ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਵਿਕਰਾਂਤ, ਸਵਿੰਦਰ ਸਿੰਘ ਕਥੂਨੰਗਲ ਅਤੇ ਸੁਖਦੇਵ ਸਿੰਘ ਮੱਤੇਵਾਲ ਮੌਜੂਦਗੀ ਅਤੇ ਰਜਿੰਦਰਮੋਹਨ ਸਿੰਘ ਛੀਨਾ, ਨਰਿੰਦਰ ਸਿੰਘ ਖੁਰਾਣਾ, ਪ੍ਰਿਸੀਪਲ ਜਗਦੀਸ਼ ਸਿੰਘ ਫੋਰ ਐਸ, ਬੀਬੀ ਕਿਰਨਜੋਤ ਕੌਰ ਆਦਿ ਅਹਿਮ ਸ਼ਖਬੀਅਤਾਂ ਦੀ ਹਾਜਰੀ 'ਚ ਚੋਣ ਮੈਨੀਫੈਸਟੋ ਜਾਰੀ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਸੈਕੜਿਆਂ ਦੀ ਗਿਣਤੀ 'ਚ ਮੌਜੂਦ ਦੀਵਾਨ ਦੇ ਮੈਬਰਾਂ ਦਾ ਹਾਜਰੀ ਨਾਲ ਪ੍ਰੈਸ ਕਾਨਫਰੰਸ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਸਿੱਧ ਹੋਇਆ।
ਬੁਲਾਰਿਆਂ / ਆਗੂਆਂ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਬੁਨਿਆਦ ਸਿੱਖੀ ਅਤੇ ਸਿਖਿਆ ਨੂੰ ਪ੍ਰਫੁਲਤ ਕਰਨ ਵਰਗੇ ਸਰੋਕਾਰਾਂ ਲਈ ਰਖੀ ਗਈ ਸੀ। ਦੀਵਾਨ ਦਾ ਸ਼ੁਧ ਕਾਰਜ ਗੁਰੂ ਸਿਧਾਂਤ ਅਨੁਸਾਰ ਧਰਮ, ਸਦਾਚਾਰ ਅਤੇ ਮਾਨਵੀ ਕਲਿਆਣ ਨੂੰ ਮੁਖ ਰਖ ਕੇ ਬਚਿਆਂ ਨੂੰ ਐਜੂਕੇਸ਼ਨ ਦੇਣ ਨਾਲ ਹੈ। ਉਹਨਾਂ ਸੰਸਥਾ ਦੇ ਇਤਿਹਾਸਕ ਪਿਛੋਕੜ ਵਲ ਜਾਂਦਿਆਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਸਿਦਕੀ ਦਾਨੀਆਂ, ਗੁਰਸਿੱਖ ਸੱਜਨਾਂ ਨੇ ਬੜੀ ਮਿਹਨਤ ਅਤੇ ਉਦਮ ਨਾਲ ਇਸ ਸੰਸਥਾ ਨੂੰ ਕਾਇਮ ਕੀਤਾ। ਪੰਥ ਅਤੇ ਸਮਾਜ ਲਈ ਬਹੁਤ ਕਾਰਜ ਕਰਨਾ ਬਾਕੀ ਹੈ, ਹਾਲੇ ਤਕ ਵੀ ਅਸੀਂ ਐਜੂਕੇਸ਼ਨ ਪ੍ਰਤੀ ਸਿਰਫ ਇਕ ਪੂਣੀ ਕਤਣ ਵਰਗੀ ਸਥਿਤੀ 'ਚ ਆਏ ਹਾਂ। ਫਖਰ ਵਾਲੀ ਗਲ ਇਹ ਹੈ ਕਿ ਦੀਵਾਨ ਦੇ ਸਕੂਲਾਂ 'ਚ ਕਰੀਬ 60 ਹਜਾਰ ਵਿਦਿਆਰਥੀ ਅਤੇ ਹਜਾਰਾਂ ਮੁਲਾਜਮ ਤੇ ਅਧਿਕਾਰੀ ਕਾਰਜਸ਼ੀਲ ਹਨ। ਪਰ ਅਫਸੋਸ ਕਿ ਬਦਕਿਸਤੀ ਨਾਲ ਇਸ ਜਮਾਤ 'ਤੇ ਵੀ ਸੁਨਾਮੀ ਦਾ ਹੱਲਾ ਹੋਇਆ। ਪਿਛਲੇ ਦਸ ਬਾਰਾਂ ਸਾਲਾਂ 'ਚ ਸੰਸਥਾ ਰਸਾਤਲ ਵਿਚ ਚਲੀ ਗਈ । ਇਹ ਸੰਸਥਾ ਕੁਝ ਚੰਦ ਕਾਬਜ ਲੋਕਾਂ ਦੀ ਸੋਚ ਮੁਤਾਬਕ ਕੋਈ ਰਖੇਲ ਨਹੀਂ ਕਿ ਇਸ ਨੂੰ ਪਵਾਰਕ ਜਗੀਰ ਵਿਚ ਬਦਲ ਲਿਆ ਜਾਵੇ। ਕਬਜਾ ਕਰਨ ਦੀ ਨੀਯਤ ਨਾਲ ਆਪਣੇ ਟਬਰ ਹੀ ਨਹੀਂ ਸਗੋਂ ਨੌਕਰਾਂ ਤਕ ਨੂੰ ਵੀ ਇਸ ਸੰਸਥਾ ਦਾ ਮੈਬਰ ਬਣਾ ਲਏ ਜਾਣ। ਸੰਸਥਾ 'ਚੋਂ ਧਰਮ ਉਡਾਰੀ ਮਾਰ ਗਿਆ ਅਤੇ ਸਿਖਿਆ ਜਮੀਨ 'ਤੇ ਆਣ ਡਿੱਗੀ ਹੈ। ਇਖਲਾਕ ਦਾ ਜਨਾਜਾ ਮੀਡੀਆ 'ਚ ਟੀਆਰਪੀ ਵਧਾਉਣ ਦਾ ਜਰੀਆ ਬਣਿਆ ਰਿਹਾ। ਕਾਮਲ ਇਨਸਾਨ ਬਣਾਉਣ ਵਾਲੀ ਇਸ ਸੰਸਥਾ ਦੀ ਚਾਰਦਿਵਾਰੀ 'ਚ ਮਰਿਆਦਾ ਦੇ ਉਲਟ ਲੇਡੀ ਸਟਾਫ ਮੈਬਰਾਂ ਤੋਂ ਡਾਂਸ ਕਰਾਏ ਗਏ ਰੈਂਪ 'ਤੇ ਚਲਣ ਲਈ ਮਜਬੂਰ ਕੀਤੇ ਜਾਂਦੇ ਰਹੇ। ਮੁਲਾਜਮ ਬੀਬੀਆਂ ਸਾਡੀਆਂ ਧੀਆਂ ਭੈਣਾਂ ਹਨ, ਇਹ ਕੌਮ ਦੀ ਉਸਰਵਈਆਂ ਹਨ, ਬੀਬੀ ਭਾਨੀ, ਮਾਈ ਭਾਗੋ ਅਤੇ ਮਹਾਰਾਣੀ ਜਿੰਦਾਂ ਆਦਿ ਦੇ ਰੂਪ ਹਨ। ਇਹ ਸਸੰਥਾ ਕਾਰੋਬਾਰ ਲਈ ਨਹੀਂ ਲੋਕ ਭਲਾਈ ਲਈ ਹੈ। ਸਾਡੀ ਕੌਮ ਆਰਥਿਕ ਪਖੋਂ ਬਹੁਤ ਕਮਜੋਰ ਹੈ। ਇਸ ਲਈ ਅਸੀਂ ਇਨਾਂ ਸਭ ਵਰਤਾਰਿਆਂ ਪ੍ਰਤੀ ਨਜਰ ਰਖ ਕੇ ਸੰਸਥਾ ਨੂੰ ਬਿਹਤਰ ਤਰੀਕੇ ਨਾਲ ਚਲਾਇਆ ਜਾਣਾ ਬਣਦਾ ਹੈ।
ਜਾਰੀ ਚੋਣ ਮੈਨੀਫੈਸਟੋ 'ਚ ਕੀ ਕਿਹਾ ਗਿਆ = ਇਸ ਮੌਕੇ ਜਾਰੀ ਚੋਣ ਮੈਨੀਫੈਸਟੋ ਵਿਚ ਸਿੱਖੀ, ਸਿਖਿਆ ਅਤੇ ਵਿਆਪਕ ਪ੍ਰਬੰਧਕੀ ਸੁਧਾਰ ਪ੍ਰਤੀ ਤਵਜੋਂ ਦਿਤੀ ਗਈ, ਹਰ ਤਰ੍ਹਾਂ ਦੀਆਂ ਬੇਨਿਯਮੀਆਂ ਦੂਰ ਕਰਨ ਅਤੇ ਸੰਸਥਾ ਦਾ ਪ੍ਰਬੰਧ ਪੂਰੀ ਤਰ੍ਹਾਂ ਪਾਰਦਰਸ਼ੀ ਹੋਵਣ ਦਾ ਭਰੋਸਾ ਦਿਤਾ ਗਿਆ। ਦੀਵਾਨ ਦੀ ਸਾਖ ਨੂੰ ਲਗੇ ਖੋਰੇ ਦੀ ਭਰਪਾਈ ਲਈ ਸਖਤ ਫੈਸਲਿਆਂ ਅਤੇ ਠੋਸ ਕਦਮ ਚੁੱਕੇ ਜਾਣ 'ਤੇ ਜੋਰ ਦਿਤਾ ਗਿਆ। ਸੰਸਥਾ ਲਈ ਬਜੁਰਗਾਂ ਵਲੋਂ ਬਣਾਇਆ ਗਿਆ ਵੱਡਮੁਲਾ ਪੁਰਾਤਨ ਵਿਧਾਨ ਮੁੜ ਬਹਾਲ ਕਰਨ ਦੀ ਗਲ ਕਹੀ ਗਈ। ਲੋਕਲ ਕਮੇਟੀਆਂ ਨੂੰ ਅਖਤਿਆਰ ਹੋਵੇਗਾ ਕਿ ਉਹ ਸਕੂਲਾਂ ਆਦਿ ਦੀ ਬਿਹਤਰੀ ਲਈ ਵਿਧਾਨ ਅਨੁਸਾਰ ਫੈਸਲੇ ਅਤੇ ਕਾਰਜ ਕਰ ਸਕਣਗੇ। ਬੇਲੋੜੇ ਫਾਲਤੂ ਖਰਚੇ ਬੰਦ ਹੋਣਗੇ ਅਤੇ ਦੀਵਾਨ ਦਾ ਕੇਂਦਰੀ ਦਫਤਰ ਸਕੂਨਾਂ ਦੀ ਆਮਦਨ ਦਾ ਸਿਰਫ 10 ਫੀਸਦੀ ਦਾ ਹੀ ਹੱਕਦਾਰ ਹੋਵੇਗਾ। ਇਸਤਰੀ ਸਟਾਫ ਮੈਬਰਾਂ ਦੇ ਸਨਮਾਨ ਸਤਿਕਾਰ ਸੰਬੰਧੀ ਨਿਯਮਾਂ 'ਚ ਸੋਧ ਕੀਤੀ ਜਾਵੇਗੀ। ਬਚਿਆਂ ਨੂੰ ਇਖਲਾਕੀ ਅਤੇ ਬੌਧਿਕ ਪੱਧਰ 'ਤੇ ਉਚਾ ਚੁਕਣ ਲਈ ਧਰਮ, ਧਾਰਮਿਕ ਵਿਦਿਆ ਅਤੇ ਵਿਰਸੇ ਨਾਲ ਜੋੜਣ ਲਈ ਧਰਮ ਪ੍ਰਚਾਰ ਕਮੇਟੀ ਨੂੰ ਪਹਿਲਾਂ ਦੀ ਤਰ੍ਹਾਂ ਇਕ ਵਖਰਾ ਵਿੰਗ ਵਜੋਂ ਮੁੜ ਸਥਾਪਿਤ ਕੀਤਾ ਜਾਵੇਗਾ।ਧਾਰਮਿਕ ਸ਼ਖਸੀਅਤਾਂ ਅਤੇ ਰੋਲ ਮਾਡਲ ਬਣ ਚੁਕੀਆਂ ਅਹਿਮ ਸਿੱਖ ਸ਼ਖਸੀਅਤਾਂ ਨਾਲ ਬਚਿਆਂ ਨੂੰ ਰੂ-ਬਰੂ ਕਰਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਮਿਆਰੀ ਵਿਦਿਆ ਯਕੀਨੀ ਬਣਾਉਣ ਲਈ ਪ੍ਰਸਿਧ ਵਿਦਿਅਕ ਮਾਹਿਰਾਂ ਤੋਂ ਭਰਪੂਰ ਸਹਿਯੋਗ ਲਿਆ ਜਾਵੇਗਾ। ਸਕੂਲਾਂ ਵਿਚ ਅਨੁਸ਼ਾਸਨ ਬਣਾਈ ਰਖਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ ਲਈ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਡਾਂ ਨੂੰ ਕੌਮਾਂਤਰਾਂ ਪੱਧਰ 'ਤੇ ਲੈ ਕੇ ਜਾਇਆ ਜਾਵੇਗਾ। ਬਚਿਆਂ ਲਈ ਐਨ ਸੀ ਸੀ / ਐਨ ਐਸ ਐਸ ਟ੍ਰੇਨਿੰਗ ਲਾਜਮੀ ਹੋਵੇਗੀ। ਵਿਦਿਆਰਥੀਆਂ ਦੇ ਬਸਤੇ ਹਲਕੇ ਕੀਤੇ ਜਾਣਗੇ, ਬੇਲੋੜਾ ਭਾਰ ਘਟਾਇਆ ਜਾਵੇਗਾ। ਕਿਤਾਬਾਂ ਐਨ ਸੀ ਆਰ ਟੀ ਵਲੋਂ ਮੰਨਜੂਰਸ਼ੁਦਾ ਅਤੇ ਸਸਤੀ ਕੀਮਤ 'ਤੇ ਉਪਲਬਧ ਕਰਾਈਆਂ ਜਾਣਗੀਆਂ। ਸਮੂਹ ਸਕੂਲਾਂ ਵਿਚ ਫੀਸਾਂ - ਫੰਡਾਂ ਦਾ ਮੁੜ ਨਿਰੀਖਣ ਕਰਦਿਆਂ ਉਹਨਾਂ 'ਚ ਲੋੜੀਦੀਆਂ ਸੋਧਾਂ ਕੀਤੀਆਂ ਜਾਣਗੀਆਂ। 80 ਫੀਸਦੀ ਅੰਕ ਲੈਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਅਤੇ ਗਰੀਬ ਪਰਿਵਾਰਾਂ ਦੇ ਲੋੜਵੰਦ '5000' ਵਿਦਿਆਰਥੀਆਂ ਦੀ ਮੁਫਤ ਸਿਖਿਆ ਯਕੀਨੀ ਬਣਾਈ ਜਾਵੇਗੀ। ਮਾਂ ਬੋਲੀ ਪੰਜਾਬੀ ਭਾਸ਼ਾ ਦੀ ਉਨਤੀ ਲਈ ਠੋਸ ਕਦਮ ਚੁਕੇ ਜਾਣਗੇ। ਉਥੇ ਹੀ ਵਿਦੇਸ਼ਾਂ ਭਾਸ਼ਾਵਾਂ ਦਾ ਗਿਆਨ ਮੁਹਈਆ ਕਰਨ ਵਲ ਵੀ ਵਿਸ਼ੇਸ਼ ਧਿਆਨ ਦਿਤਾ ਜਾਵੇਗਾ ਤਾਂ ਕਿ ਵਿਦੇਸ਼ਾਂ 'ਚ ਜਾਣ ਵਾਲੇ ਸਿੱਖ ਬਚਿਆਂ ਨੂੰ ਭਾਸ਼ਾ ਦੀ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੇਂਦਰ ਖੋਲੇ ਜਾਣਗੇ। ਕਿਤਾ ਮੁਖੀ ਕੋਰਸਾਂ 'ਚ ਰੁੱਚੀ ਰਖਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਰੁਜਗਾਰ ਪ੍ਰਾਪਤੀ ਲਈ ਸ਼ਾਮ ਦੀਆਂ ਕਲਾਸਾਂ ਰਾਹੀਂ ਸਿਖਿਅਤ ਕਰਨ ਬਾਰੇ ਭਰੋਸਾ ਦਿਵਾਉਦਿਆਂ ਚੀਫ ਖਾਲਸਾ ਦੀਵਾਨ ਦੀ ਸਾਖ ਬਹਾਲੀ ਲਈ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰੇ 'ਤੇ ਮੋਹਰ ਲਾਕੇ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਸੇਵਾਦਾਰਾਂ ਨੂੰ ਸੇਵਾ ਦਾ ਮੌਕਾ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਰਜਿੰਦਰ ਸਿੰਘ ਮਰਵਾਹ, ਸੁਖਜਿੰਦਰ ਸਿੰਘ ਪ੍ਰਿੰਸ, ਗੁਰਬਿਲਾਸ ਸਿੰਘ ਪੰਨੂ, ਜਗਜੀਤ ਸਿੰਘ ਬੰਟੀ, ਰਵੀ ਕਿਰਨ ਸਿੰਘ ਗਰੋਵਰ, ਨਰੋਤਮ ਸਿੰਘ ਐਡਵੇਕੇਟ, ਜਸਪਾਲ ਸਿੰਘ ਇੰਜੀ:, ਜਸਪਾਲ ਸਿੰਘ ਢਿਲੋਂ, ਸੁਰਜੀਤ ਸਿੰਘ ਸੀ ਏ, ਇੰਦਰਪ੍ਰੀਤ ਸਿੰਘ ਅਨੰਦ, ਰਣਦੀਪ ਸਿੰਘ ਬਲੂਮੂਨ, ਜਗਦੀਪ ਸਿੰਘ ਰਿੰਕੂ ਨਰੂਲਾ, ਰਵਿੰਦਰ ਸਿੰਘ ਰੌਬਿੰਨ, ਦਰਸ਼ਨ ਸਿੰਘ ਸੁਲਤਾਨਵਿੰਡ, ਪ੍ਰਮਬੀਰ ਸਿੰਘ ਮਤੇਵਾਲ, ਪਿੰਸੀਪਲ ਸੂਬਾ ਸਿੰਘ, ਪ੍ਰੋ: ਤਰਵਿੰਦਰ ਸਿੰਘ ਚਾਹਲ, ਅਜੀਤ ਸਿੰਘ ਬਸਰਾ, ਪ੍ਰਭਜੋਤ ਸਿੰਘ ਸੇਠੀ, ਅਮਰਜੀਤ ਸਿੰਘ ਸਰਦਾਰ ਪਗੜੀ ਹਾਊਸ, ਨਵਤੇਜ ਸਿੰਘ ਨਾਰੰਗ, ਹਰਮੀਤ ਸਿੰਘ ਬਤਰਾ, ਜਤਿੰਦਰ ਸਿੰਘ ਭਾਟੀਆ, ਅਤਰ ਸਿੰਘ ਚਾਵਲਾ, ਜਗਦੀਪ ਸਿੰਘ ਮਰਵਾਹ, ਨਿਰੰਜਨ ਸਿੰਘ, ਸੁਰਜੀਤ ਸਿੰਘ,ਸੀ ਏ, ਗੁਰਿੰਦਰ ਸਿੰਘ ਢੀਗਰਾ , ਸੁਰਜੀਤ ਸਿੰਘ ਅਰੋੜਾ, ਹਰਪ੍ਰੀਤ ਸਿੰਘ ਕੋਹਲੀ, ਗੁਰਿੰਦਰ ਸਿੰਘ ਤਰਨਤਾਰਨ, ਮਨਜੀਤ ਸਿੰਘ ਢਿਲੋਂ ਤਰਨਤਾਰਨ, ਸਰਦੂਲ ਸਿੰਘ ਸ਼ਾਮ, ਇੰਜੀ: ਮਨਜੀਤ ਸਿੰਘ, Àਮਰਾਓ ਸਿੰਘ ਢਿਲੋਂ, ਅਵਤਾਰ ਸਿੰਘ, ਮਨਮੋਹਨ ਸਿੰਘ ਮਜੀਠਾ ਰੋਡ, ਪ੍ਰੋ: ਹਰੀ ਸਿੰਘ, ਪ੍ਰਦੀਪ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਕਲਕਤਾ, ਰਮਨੀਕ ਸਿੰਘ ਫਰੀਡਮ, ਅਮਰਜੀਤ ਸਿੰਘ ਨਨਕਾਣਾ ਬਸ, ਅਮਰੀਕ ਸਿੰਘ ਬਿਲੂ ਤਰਨਤਾਰਨ, ਡਾ: ਅਮਰਜੀਤ ਸਿੰਘ ਸਚਦੇਵਾ, ਸੁਰਿੰਦਰ ਸਿੰਘ ਬਤਰਾ, ਬਲਵਿੰਦਰ ਸਿੰਘ ਬਵੇਜਾ, ਜਸਬੀਰ ਸਿੰਘ ਅਜਨਾਲਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।