ਚੰਡੀਗੜ੍ਹ, 16 ਨਵੰਬਰ 2018 - ਪੰਜਾਬ ਸਰਕਾਰ ਨੇ ਪੰਚਾਇਤ ਚੋਣਾਂ ਨੂੰ ਹੋਰ ਅੱਗੇ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਪੰਚਾਇਤ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਸੀ। ਪਹਿਲਾਂ ਪੰਚਾਇਤ ਚੋਣਾਂ ਦਸੰਬਰ ਦੇ ਮੱਧ ਤੱਕ ਕਰਾਉਣ ਦੀ ਘੋਸ਼ਣਾ ਕੀਤੀ ਗਈ ਸੀ ਪਰ ਹੁਣ ਚੋਣਾਂ ਘੱਟੋ-ਘੱਟ ਜਨਵਰੀ ਤੱਕ ਮੁਲਤਵੀ ਕਰਨ ਦੀ ਸਕੀਮ ਹੈ।
ਸਰਕਾਰ ਨੇ ਚੋਣਾਂ ਜਨਵਰੀ ਤੱਕ ਕਰਾਉਣ ਦੀ ਤਜਵੀਜ਼ ਤਾਂ ਤਿਆਰ ਕਰ ਲਈ ਹੈ ਪਰ ਨੋਟੀਫਿਕੇਸ਼ਨ ਜਾਰੀ ਕਰ ਕੋਈ ਰਸਮੀ ਕਾਰਵਾਈ ਨਹੀਂ ਕੀਤੀ ਗਈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਕੋਲ ਵੀ ਇਸ ਬਾਬਤ ਅਜੇ ਕੋਈ ਸੂਚਨਾ ਨਹੀਂ ਪਹੁੰਚੀ।
ਜਾਣਕਾਰੀ ਮੁਤਾਬਕ ਇੱਕ ਕਾਰਨ ਇਹ ਹੈ ਕਿ ਕੁਝ ਸੀਨੀਅਰ ਲੀਡਰਾਂ ਦੀ ਰਾਇ ਹੈ ਕਿ ਪੰਚਾਇਤੀ ਚੋਣਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿੰਡਾਂ 'ਚ ਧੜੇਬਦੀ ਪੈਦਾ ਕਰੇਗੀ, ਜਿਸ ਕਾਰਨ ਅਜੇ ਚੋਣਾਂ ਨਾ ਕਰਾਈਆਂ ਜਾਣ। ਉਧਰ ਦੂਜੇ ਕਾਰਨ ਬਾਰੇ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਰਾਜ ਪੱਧਰੀ ਸਮਾਗਮ 'ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਅਹਿਮ ਘੋਸ਼ਣਾ ਕਰਨਾ ਚਾਹੁੰਦੇ ਹਨ। ਜਿਸ ਕਾਰਨ ਵੀ ਚੋਣਾਂ ਜਨਵਰੀ ਤੱਕ ਕਰਾਉਣ ਦਾ ਫੈਸਲਾ ਕੀਤਾ ਜਾ ਰਿਹਾ ਹੋਵੇਗਾ।