ਬਰਨਾਲਾ 17 ਨਵੰਬਰ 2018 :- ਅੱਜ ਸਥਾਨਕ ਤਰਕਸ਼ੀਲ ਭਵਨ ਵਿੱਚ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਵਧਵੀਂ ਮੀਟਿੰਗ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੇ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ‘’ਘਰ ਘਰ ਨੌਕਰੀ’’ ਦੇਣ ਦੇ ਵਾਅਦੇ ਕਰਕੇ ਹੋਂਦ ਵਿੱਚ ਆਈ ਪੰਜਾਬ ਦੀ ਕੈਪਟਨ ਸਰਕਾਰ ਨਾ ਸਿਰਫ਼ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਆਪਣੇ ਵਾਅਦੇ ਤੋਂ ਹੀ ਮੁੱਕਰੀ ਹੈ ਸਗੋਂ ਇਸ ਨੇ ਪਹਿਲਾਂ ਨੌਕਰੀਆਂ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਬੇਰੁਜ਼ਗਾਰ ਤੇ ਅਰਧ-ਬੇਰੁਜ਼ਗਾਰ ਕਰਨ ਦਾ ਰਾਹ ਫੜ ਲਿਆ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ 42-45 ਹਜ਼ਾਰ ਰੁਪਏ ਮਾਸਿਕ ਤਨਖ਼ਾਹ ਮਿਲ ਰਹੀ ਸੀ ਨੂੰ ਸਿਰਫ਼ 15 ਹਜ਼ਾਰ ਰੁਪਏ ਮਾਸਕ ਤਨਖ਼ਾਹ ‘ਤੇ ਰੈਗੂਲਰ ਕਰਨ ਦੀ ਜਿੱਦ ‘ਤੇ ਅੜ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਗ਼ਰੀਬ ਲੋਕਾਂ ਦੇ ਬੱਚਿਆਂ ਤੋਂ ਪੜ੍ਹਨ ਦਾ ਉਨ੍ਹਾਂ ਦਾ ਬੁਨਿਆਦੀ ਅਧਿਕਾਰ ਖੋਹਣ ਲਈ ਸਰਕਾਰੀ ਸਕੂਲਾਂ ਨੂੰ ਬੰਦ ਕਰਨ ‘ਤੇ ਤੁਲੀ ਹੋਈ ਹੈ। ਜਦਕਿ ਅਧਿਆਪਕਾਂ ਨੇ ਡੇਢ-ਦੋ ਮਹੀਨਿਆਂ ਤੋਂ ਸਰਕਾਰ ਦੀਆਂ ਅਧਿਆਪਕ ਤੇ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਪੱਕਾ ਮੋਰਚਾ ਲਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ 18 ਨਵੰਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਬਠਿੰਡਾ ਸਥਿਤ ਰਿਹਾਇਸ਼ ਦੇ ਕੀਤੇ ਜਾਣ ਵਾਲੇ ਘਿਰਾਓ ਵਿੱਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਤੋਂ ਬਠਿੰਡਾ ਜਾਣ ਦੇ ਪ੍ਰੋਗਰਾਮ ਦੀ ਠੋਸ ਵਿਉਂਤਬੰਦੀ ਕੀਤੀ ਗਈ। ਇਸ ਮੀਟਿੰਗ ਵਿੱਚ ਗੁਰਦੇਵ ਮਾਂਗੇਵਾਲ, ਦਰਸ਼ਨ ਮਹਿਤਾ, ਸਾਹਿਬ ਸਿੰਘ ਬਡਬਰ, ਪ੍ਰਮਿੰਦਰ ਹੰਡਿਆਇਆ, ਹਰਚਰਨ ਸੁਖਪੁਰਾ, ਬਾਬੂ ਸਿੰਘ ਖੁੱਡੀਕਲਾਂ, ਭਾਗ ਸਿੰਘ ਕੁਰੜ, ਬੂਟਾ ਸਿੰਘ ਢਿੱਲਵਾਂ, ਸੰਦੀਪ ਚੀਮਾ, ਰਾਮ ਸਿੰਘ ਸ਼ਹਿਣਾ, ਕਾਲਾ ਜੈਦ, ਜਸਵੰਤ ਸੋਹੀ, ਜੱਗਾ ਸਿੰਘ ਛਾਪਾ, ਗੁਰਨੈਬ ਧੌਲਾ, ਮੇਜਰ ਸਿੰਘ ਸੰਘੇੜਾ ਆਦਿ ਆਗੂ ਹਾਜ਼ਰ ਸਨ।