ਜੱਥੇਦਾਰ ਚਰਨ ਸਿੰਘ ਦੀ ਰਿਹਾਇਸ਼ ਉੱਪਰ ਅੈਮ ਪੀ ਸ਼ੇਰ ਸਿੰਘ ਘੁਬਾਇਆ ਅਤੇ ਹੋਰ ਆਗੂ
ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ 18 ਨਵੰਬਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ੳੁਪ ਮੁੱਖ਼ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਰੁੱਧ ਉੱਠੀਆਂ ਆਵਾਜ਼ਾਂ ਦਾ ਸਿਲਸਿਲਾ ਹੋਰ ਤਿੱਖਾ ਹੁੰਦਾ ਪ੍ਰਤੀਤ ਹੋ ਰਿਹਾ ਹੈ । ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਨਾਲ ਸਬੰਧਤ ਅਕਾਲੀ ਆਗੂਆਂ ਵੱਲੋਂ ਅਸਤੀਫ਼ੇ ਦੇਣ ਅਤੇ ਇਸ ਤੋਂ ਪਹਿਲਾਂ ਮੈਂਬਰ ਲੋਕ ਸਭਾ ਸ਼ੇਰ ਸਿੰਘ ਘੁਬਾਇਆ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਖਿਲਾਫ ਬਿਆਨਬਾਜ਼ੀ ਕਰਨ ਤੋਂ ਬਾਅਦ ਹੁਣ ਅਕਾਲੀ ਦਲ ( ਤੋਂ ਅਸਤੀਫਾ ਦੇਣ ਬਾਅਦ ) ਵੱਲੋਂ ਪਾਰਟੀ ਵਿੱਚੋਂ ਕੱਢੇ ਮਾਝੇ ਅਤੇ ਮਾਲਵੇ ਦੇ ਟਕਸਾਲੀ ਅਕਾਲੀ ਆਗੂ ਇਕਜੁੱਟ ਹੋਣ ਲੱਗੇ ਹਨ । ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਮੱਖਣ ਸਿੰਘ ਵੀ ਇਨ੍ਹਾਂ ਨਾਲ ਬੈਠਕ ਕਰ ਚੁੱਕੇ । ਅਕਾਲੀ ਦਲ ਤੋਂ ਅਸਤੀਫ਼ਾ ਦੇ ਗਏ ਸਾਬਕਾ ਚੇਅਰਮੈਨ ਜਥੇਦਾਰ ਚਰਨ ਸਿੰਘ ਅਤੇ ਸਾਥੀਆਂ ਨਾਲ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੀ ਮੀਟਿੰਗ ਹੋ ਚੁੱਕੀ ਹੈ । ਵਾਪਰ ਰਹੇ ਇਸ ਸਿਆਸੀ ਘਟਨਾ ਕਰਮ ਦੌਰਾਨ ਅੱਜ ਜਥੇਦਾਰ ਚਰਨ ਸਿੰਘ ਦੀ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਸਥਿਤ ਰਿਹਾਇਸ਼ ਉਪਰ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਸ਼ੇਰ ਸਿੰਘ ਘੁਬਾਇਆ ਪੁੱੱਜ ਰਹੇ ਹਨ । ਇਸ ਸਬੰਧੀ ਜਥੇਦਾਰ ਚਰਨ ਸਿੰਘ ਨਾਲ ਕੀਤੀ ਗਈ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਅਗਲੇ ਰਾਜਸੀ ਪ੍ਰੋਗਰਾਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦਾ ਹੈ । ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਅਕਾਲੀ ਹਾਂ ਪਰ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਪ੍ਰਵਾਨ ਨਹੀਂ ਹੈ । ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਕਾਲੀ ਦਲ ਹੀ ਪੰਜਾਬ ਵਿੱਚ ਬਚੇਗਾ ,ਜਿਸ ਵਿੱਚ ਸਹੀ ਮਾਇਨਿਆਂ ਵਿੱਚ ਅਕਾਲੀ ਅਖਵਾਉਣ ਵਾਲੇ ਆਗੂ ਅਤੇ ਵਰਕਰ ਹੀ ਹੋਣਗੇ । ਸ਼ੇਰ ਸਿੰਘ ਘੁਬਾਇਆ ਨਾਲ ਜੱਥੇਦਾਰ ਚਰਨ ਸਿੰਘ ਅਤੇ ਸਾਥੀਆਂ ਦੀ ਹੋਈ ਬੈਠਕ ਮੌਕੇ ਬਲਦੇਵ ਸਿੰਘ ਮੰਮੂ ਖੇੜਾ , ਬਲਕਾਰ ਸਿੰਘ ਮੰਮੂਖੇੜਾ , ਇਕਬਾਲ ਸਿੰਘ ਸਰਕਲ ਪ੍ਰਧਾਨ , ਜਸਵੰਤ ਸਿੰਘ ਸਰਪੰਚ , ਬਲਤੇਜ ਸਿੰਘ ਬਰਾੜ , ਕਰਮਨ ਸੰਧੂ , ਲਵ ਸੰਧੂ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।