← ਪਿਛੇ ਪਰਤੋ
ਜਗਦੀਸ਼ ਥਿੰਦ ਜਲਾਲਾਬਾਦ /ਫਾਜ਼ਿਲਕਾ 18 ਨਵੰਬਰ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਅਕਾਲੀ ਦਲ ਤੋਂ ਵੱਖ ਹੋਏ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਹਲਕਾ ਜਲਾਲਾਬਾਦ ਤੋਂ " ਅਕਾਲੀ ਦਲ ਨੂੰ ਬਚਾਉਣ " ਦੀ ਸ਼ੁਰੂਆਤ ਕੀਤੀ । ਸੁਖਬੀਰ ਤੋਂ ਅਲੱਗ ਹੋਏ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੱਥੇਦਾਰ ਚਰਨ ਸਿੰਘ ਦੀ ਰਿਹਾਇਸ਼ ਉੱਪਰ ਪੁੱਜੇ ਸੇਵਾ ਸਿੰਘ ਸ਼ੇਖਵਾਂ ਨੇ ਕਿਹਾ ਕਿ 1920 ਵਿਚ ਅਕਾਲੀ ਦਲ ਨੂੰ ਬਣਾਉਣ ਦੀ ਜ਼ਰੂਰਤ ਪਈ ਸੀ , ਜਦੋਂ ਮਹੰਤ ਵਾਦ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਪਵਿੱਤਰ ਅਸਥਾਨਾਂ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਰਾਜਨੀਤੀ ਉੱਪਰ ਵੀ ਪਰਿਵਾਰਵਾਦ ਦਾ ਬੋਲਬਾਲਾ ਸੋ ਚੁੱਕਿਆ ਸੀ ਉਨ੍ਹਾਂ ਕਿਹਾ ਕਿ ਅੱਜ ਫਿਰ ਨਿੱਜੀ ਹਿਤ ਪਾਲਣ ਵਾਲ਼ੇ ਸੁਖ਼ਬੀਰ ਸਿੰਘ ਬਾਦਲ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਅਕਾਲੀ ਦਲ ਉੱਪਰ ਕਬਜ਼ਾ ਕਰ ਲਿਆ ਹੋਇਆ ਹੈ । ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਪੰਜਾਬ ਦੇ ਲੋਕ ਇਹਨਾਂ ਨੂੰ ਲਾਂਬੇ ਕਰ ਦੇਣਗੇ । ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਸਵਰੂਪ ਅਸੀਂ ਅਸਤੀਫ਼ੇ ਦਿੱਤੇ ਅਤੇ ਅਜਿਹੇ ਪਾਪੀਆਂ ਨੂੰ ਸਜ਼ਾਵਾਂ ਮਿਲਣ ਤੱਕ ਸੰਘਰਸ਼ ਜਾਰੀ ਰੱਖਾਂਗੇ । ਇਸ ਮੌਕੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਐਲਾਨ ਕੀਤਾ ਕਿ ਉਹ 2019 ਦੀ ਲੋਕ ਸਭਾ ਚੋਣ ਇਸੇ ਹਲਕੇ ਤੋਂ ਲੜਨਗੇ । ਕਿਸ ਪਾਰਟੀ ਵੱਲੋਂ ਲੜਨਗੇ ਇਹ ਸਮਾਂ ਆਉਣ ਤੇ ਹੀ ਇਸ ਦਾ ਖੁਲਾਸਾ ਕਰਾਂਗਾ । ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮੈਨੂੰ ਟਿਕਟ ਤਾਂ ਦੇ ਦਿੱਤੀ ਗਈ ਪਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਲੋਕ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਰਹੇ ।
Total Responses : 873