ਬਟਾਲਾ, 18 ਨਵੰਬਰ2018 - ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਵਲੋਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜਾ ਲੈਣ ਲਈ ਅੱਜ ਜ਼ਿਲਾ ਗੁਰਦਾਸਪੁਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਿਵਲ ਸਰਜ਼ਨ ਗੁਰਦਾਸਪੁਰ ਸ੍ਰੀ ਕਿ੍ਰਸ਼ਨ ਚੰਦ, ਐਸ.ਐਮ.ਓ ਗੁਰਦਾਸਪੁਰ, ਐਸ.ਐਮ.ਓ ਨੌਸ਼ਹਿਰਾ ਮੱਝਾ ਸਿੰਘ, ਪੰਜਾਬ ਕਾਂਗਰਸ ਦੇ ਪਰਮਾਨੈਂਟ ਇਨਵਾਇਟੀ ਮੈਂਬਰ ਸਰਦਾਰ ਐਮ.ਐਮ. ਸਿੰਘ ਚੀਮਾ, ਬੁਧੀਜੀਵੀ ਫੋਰਮ ਤੋਂ ਅਜਮੇਰ ਸਿੰਘ ਬਿਜ਼ਲੀਵਾਲ, ਸੁਖਦੇਵ ਸਿੰਘ, ਜਗਬੀਰਪਾਲ ਸਿੰਘ ਕਾਹਲੋਂ, ਮਲਵਿੰਦਰ ਸਿੰਘ ਸਿੱਧੂ, ਰਾਜ ਕੁਮਾਰ ਜ਼ੋਸੀ ਆਦਿ ਵੀ ਮੌਜੂਦ ਸਨ।
ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਜਿਲੇ ਵਿੱਚ ਚਲ ਰਹੇ ਸਿਹਤ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਮੌਕੇ ਸਿਵਲ ਸਰਜ਼ਨ ਨੂੰ ਹਦਾਇਤਾਂ ਦਿੱਤੀਆਂ ਕਿ ਜਨਮ ਅਤੇ ਮੌਤ ਦੇ ਪ੍ਰਮਾਣ ਪੱਤਰਾਂ ਵਿੱਚ ਨਾਂ ਅਤੇ ਜਨਮ ਮਿਤੀ ਦੀਆਂ ਗਲਤੀਆਂ ਦੀ ਸੁਧਾਈ ਲਈ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਦੂਰ ਕੀਤਾ ਜਾਵੇ। ਉਨਾਂ ਕਿਹਾ ਦਫ਼ਤਰ ਦੇ ਬਾਹਰ ਡਿਸਪਲੇ ਬੋਰਡ ਲਗਾ ਕੇ ਲੋਕਾਂ ਨੂੰ ਸਿਹਤ ਵਿਭਾਗ ਦੇ ਪ੍ਰੋਗਰਾਮਾ ਅਤੇ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਚੀਮਾ ਨੇ ਦੱਸਿਆ ਕਿ ਪਹਿਲਾਂ ਹੀ ਵਿਭਾਗ ਨੂੰ 24 ਪ੍ਰੋਗਰਾਮਾ ਸਬੰਧੀ ਗਾਇਡਲਾਈਨ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਸਿਵਲ ਹਸਪਤਾਲ ਗੁਰਦਾਸਪੁਰ ਦਾ ਦੌਰਾ ਵੀ ਕੀਤਾ ਅਤੇ ਆਪ ਜਾ ਕੇ ਜਾਣਕਾਰੀ ਹਾਸਲ ਕੀਤੀ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਸੂਬੇ ਦੇ ਲੋਕਾਂ ਨੁੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜ਼ਮੀਨੀ ਹਕੀਕਤ ਦਾ ਪਤਾ ਲੱਗ ਸਕੇ। ਸ. ਚੀਮਾ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਨੂੰ ਹੇਠਲੇ ਪੱਧਰ ਤੇ ਪਹੰਚਾਉਣ ਲਈ ਜੋ ਪ੍ਰੋਗਰਾਮ ਅਰੰਭ ਕੀਤੇ ਗਏ ਹਨ ਦੀ ਸਮੀਖਿਆ ਕਰਨ ਲਈ ਇਹ ਦੌਰਾ ਕੀਤਾ ਗਿਆ ਸੀ ਤੇ ਅਜਿਹੇ ਦੌਰੇ ਆਉਂਦੇ ਦਿਨਾ ਵਿੱਚ ਸਮੁੱਚੇ ਪੰਜਾਬ ਵਿੱਚ ਚਲਦੇ ਰਹਿਣਗੇ। ਸ. ਚੀਮਾ ਵਲੋਂ ਇਸ ਮੌਕੇ ਹਰਿਆਵਲ ਪੰਜਾਬ ਲਈ ਇੰਟੇਗਰੇਟਿਡ ਗਰੀਨ ਪੰਜਾਬ ਮਿਸ਼ਨ ਤਹਿਤ ਛਾਂਦਾਰ, ਫਲਦਾਰ ਅਤੇ ਉੱਚ ਕੀਮਤ ਵਾਲੇ ਪੇੜ ਪੌਦਿਆਂ ਦੀ ਵੰਡ ਦਾ ਮੌਕੇ ਤੇ ਜਾਇਜ਼ਾ ਵੀ ਲਿਆ ਗਿਆ ਤੇ ਡਾਕਟਰਾਂ ਅਤੇ ਸਿਹਤ ਕਰਮੀਆਂ ਦੀਆਂ ਮੁਸ਼ਕਿਲਾ ਵੀ ਸੁਣੀਆਂ।