ਤਿੰਨ ਰੋਜ਼ਾ ਸੰਗਰੂਰ ਅੰਤਰ-ਰਾਸ਼ਟਰੀ ਪੁਸਤਕ ਮੇਲਾ ਸਮਾਪਤ
ਸੰਗਰੂਰ, 19 ਨਵੰਬਰ: ਅਮ੍ਰਿਤਪਾਲ ਬਰਾੜ
ਸੰਗਰੂਰ ਹੈਰੀਟੇਜ ਪ੍ਰੀਵੈਂਸ਼ਨ ਸੁਸਾਇਟੀ ਦੇ ਪ੍ਰਬੰਧਾਂ ਹੇਠ ਚੱਲ ਰਿਹਾ ਤਿੰਨ ਰੋਜ਼ਾ ਸੰਗਰੂਰ ਅੰਤਰ-ਰਾਸ਼ਟਰੀ ਪੁਸਤਕ ਮੇਲਾ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਆਯੋਜਿਤ ਇਸ ਸਮਾਰੋਹ 'ਚ 15 ਤੋਂ ਵੀ ਜ਼ਿਆਦਾ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣਦੀਆਂ ਰਹੀਆਂ ਜਿਨ੍ਹਾਂ ਰਾਹੀਂ ਸਾਹਿਤ, ਇਤਿਹਾਸ, ਸਾਧਾਰਨ ਗਿਆਨ, ਗਣਿਤ, ਬੱਚਿਆਂ ਲਈ ਮਨੋਰੰਜਨ ਤੇ ਗਿਆਨ ਵਾਲੀਆਂ ਪੁਸਤਕਾਂ ਪਾਠਕਾਂ ਦੇ ਰੂਬਰੂ ਕੀਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਸਤਕਾਂ ਪੜ੍ਹਨ ਦੀ ਰੁਚੀ ਵਿਕਸਤ ਕਰਨ ਲਈ ਘਰਾਂ ਵਿੱਚ ਅਤੇ ਵਿਦਿਅਕ ਅਦਾਰਿਆਂ ਵਿੱਚ ਲਗਾਤਾਰ ਬੱਚਿਆਂ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ
ਉਨ੍ਹਾਂ ਕਿਹਾ ਕਿ ਪੁਸਤਕਾਂ ਨੂੰ ਦੋਸਤ ਮੰਨਦੇ ਹੋਏ ਸਾਨੂੰ ਲਗਾਤਾਰ ਨਵਾਂ ਗਿਆਨ ਹਾਸਲ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਅਜਿਹੇ ਪੁਸਤਕ ਮੇਲੇ ਸਮੇਂ ਦੀ ਅਹਿਮ ਲੋੜ ਹਨ ਤਾਂ ਜੋ ਪੁਸਤਕਾਂ ਨਾਲ ਸਦੀਵੀ ਸਾਂਝ ਪਾਉਣ ਦੀ ਆਦਤ ਨੂੰ ਅਪਣਾਇਆ ਜਾ ਸਕੇ। ਸਮਾਪਤੀ ਸਮਾਗਮ ਮੌਕੇ ਅਜੇ ਬਰਾੜ ਅਤੇ ਨਵਜੋਤ ਕੌਰ ਦੁਆਰਾ ਲਿਖੀ ਪੁਸਤਕ 'ਤੇ ਵਿਚਾਰ ਚਰਚਾ ਹੋਈ ਅਤੇ ਵੱਖ-ਵੱਖ ਵੰਨਗੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਡਾ. ਸੁਰਜੀਤ ਪਾਤਰ ਦੇ ਲੜਕੇ ਮਨਰਾਜ ਪਾਤਰ ਦੀ ਪੇਸ਼ਕਾਰੀ ਵੀ ਸ਼ਾਮਲ ਸੀ।
ਇਸ ਦੌਰਾਨ ਸੰਗਰੂਰ ਹੈਰੀਟੇਜ ਪ੍ਰੀਵੈਂਸ਼ਨ ਸੁਸਾਇਟੀ ਦੇ ਚੇਅਰਮੈਨ ਕਰਨਵੀਰ ਸਿੰਘ ਸਿਬੀਆ ਤੇ ਸਕੱਤਰ ਰਾਜੀਵ ਜਿੰਦਲ ਨੇ ਦੱਸਿਆ ਕਿ ਸਾਲ 2021 ਵਿੱਚ ਸੰਗਰੂਰ ਦੀ 500ਵੀਂ ਵਰ੍ਹੇਗੰਢ ਮਨਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਜਾਣਗੀਆਂ।