132 ਕਰੋੜ ਦੀ ਗ੍ਰਾਂਟ 18 ਕਰੋੜ ਗਰਿੱਡ ਲਈ ਤੇ 900ਕਰੋੜ ਰੁਪਏ ਦੇ ਪੀਣ ਵਾਲਾ ਨਹਿਰੀ ਪਾਣੀ ਦਾ ਪ੍ਰਾਜੈਕਟ ਮਨਜੂਰ; ਮੇਅਰ ਸੰਜੀਵ ਸ਼ਰਮਾ
ਪਟਿਆਲਾ, 19 ਨਵੰਬਰ 2018 ਜੀ ਐੱਸ ਪੰਨੂ
18 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਲੱਕੜ ਮੰਡੀ ਪਟਿਆਲਾ ਵਿਖੇ ਟੱਕ ਲਗਾ ਕੇ ਕੀਤੀ ਜਿਸ ਤੋਂ ਪੀਣ ਵਾਲੇ ਪਾਣੀ ਦੀ ਘਾਟ ਦੀ ਸਮੱਸਿਆ ਤੇ ਸੀਵਰੇਜ ਜਾਮ ਕਰਨ ਪੈਦਾ ਹੁੰਦੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲੇਗੀ।
ਉਹਨਾਂ ਕਿਹਾ ਕਿ ਪਿਛਲੇ ਸਵਾ ਸਾਲਾਂ 'ਚ ਪਟਿਆਲਾ ਸਮੇਤ ਪੰਜਾਬ ਭਰ 'ਚ ਇਤਿਹਾਸਕ ਵਿਕਾਸ ਕਾਰਜ ਕੀਤੇ ਗਏ ਹਨ ਪਰੰਤੂ ਇਸ ਦਾ ਸਿਹਰਾ ਪਟਿਆਲਵੀਆਂ ਨੂੰ ਜਾਂਦਾ ਹੈ, ਉਨਾਂ ਦੱਸਿਆ ਕਿ ਜਿਸ ਪ੍ਰਾਜੈਕਟ ਦੀ ਸ਼ੁਰੂਆਤ ਹੋਈ ਹੈ ਇਸ ਨਾਲ 36 ਕਿਲੋਮੀਟਰ ਸੀਵਰ ਲਾਇਨਾਂ ਅਤੇ 37 ਕਿਲੋਮੀਟਰ ਪਾਣੀ ਦੀਆਂ ਪਾਇਪ ਲਾਇਨਾਂ ਦਾ ਨਵੀਨੀਕਰਨ ਹੋਵੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਤੇ ਪਾਣੀ ਸਪਲਾਈ ਦੀਆਂ ਲਾਇਨਾਂ ਆਪਣੀ ਮਿਆਦ ਪੁਗਾ ਚੁੱਕੀਆਂ ਸਨ ਪ੍ਰੰਤੂ ਪਿਛਲੇ 10 ਸਾਲਾਂ 'ਚ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ, ਜਿਸ ਕਰਕੇ ਪਟਿਆਲਾ ਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰੰਤੂ ਹੁਣ ਸਰਕਾਰ ਨੇ ਸ਼ਹਿਰ ਦੀ ਨੁਹਾਰ ਬਦਲਣ ਦਾ ਫੈਸਲਾ ਕਰ ਲਿਆ ਹੈ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ 18 ਕਲੋਨੀਆਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਅਤੇ 14 ਕਲੋਨੀਆਂ ਨੂੰ ਪਾਣੀ ਸਪਲਾਈ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ।
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਸਾਰੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਇਸ ਸ਼ਹਿਰ 'ਚ ਪਿਛਲੇ ਸਾਲਾਂ ਨਾਲ ਹੋਏ ਮਤਰੇਈ ਮਾਂ ਵਾਲੇ ਸਲੂਕ ਤੋਂ ਛੁਟਕਾਰਾ ਦਿਵਾ ਦਿੱਤਾ ਗਿਆ ਹੈ। ਸ੍ਰੀ ਸ਼ਰਮਾ ਨੇ ਅਫ਼ਸੋਸ ਜਤਾਇਆ ਕਿ ਪਿਛਲੀ ਸਰਕਾਰ ਸਮੇਂ ਕਿਸੇ ਸੱਤਾਧਾਰੀ ਸਥਾਨਕ ਆਗੂ ਨੇ ਸ਼ਹਿਰ ਦੇ ਵਿਕਾਸ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ ਜਿਸ ਸਦਕਾ ਤਤਕਾਲੀ ਮੁੱਖ ਮੰਤਰੀ ਵੱਲੋਂ 2007 'ਚ ਕੁਝ ਦਿਨਾਂ ਲਈ ਗੋਦ 'ਚ ਲਏ ਪਟਿਆਲਾ ਸ਼ਹਿਰ ਦੀਆਂ ਕੀਮਤੀ ਜਮੀਨਾਂ ਵੇਚ ਕੇ 200 ਕਰੋੜ ਰੁਪਏ ਤੋਂ ਜਿਆਦਾ ਫੰਡ ਹੋਰਨਾਂ ਸ਼ਹਿਰਾਂ 'ਚ ਭੇਜ ਕੇ ਖੁਰਦ ਬੁਰਦ ਕਰ ਦਿੱਤੇ ਗਏ।
ਸ਼ਰਮਾ ਨੇ ਪਟਿਆਲਾ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਕਰਜੇ ਦੀ ਥਾਂ ਗ੍ਰਾਂਟ ਦਿੱਤੀ ਹੈ ਅਤੇ 100 ਕਰੋੜ ਰੁਪਏ ਪਹਿਲਾਂ ਮਿਲੇ, 32 ਕਰੋੜ ਰੁਪਏ ਦੀ ਹੋਰ ਗ੍ਰਾਂਟ ਮਿਲੀ, 2004 'ਚ ਮਨਜੂਰ ਹੋਏ ਬਿਜਲੀ ਗਰਿਡ ਲਈ 18 ਕਰੋੜ ਰੁਪਏ ਤੇ 900 ਕਰੋੜ ਰੁਪਏ ਦੇ ਪੀਣ ਵਾਲਾ ਨਹਿਰੀ ਪਾਣੀ ਦਾ ਪ੍ਰਾਜੈਕਟ ਮਨਜੂਰ ਹੋ ਚੁੱਕਾ ਹੈ। 2 ਕਰੋੜ ਰੁਪਏ ਨਾਲ ਸੀਵਰੇਜ ਲਾਇਨਾਂ ਨਾਲ ਸਫ਼ਾਈ ਕਰਵਾਈ ਤੇ ਹੁਣ ਮੋਹਾਲੀ ਨਾਲ ਰਲਕੇ ਕੂੜਾ ਪ੍ਰਬੰਧਨ ਦਾ ਕੰਮ ਵੀ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਨਾਂ ਨੂੰ ਇੱਕ ਸਾਲ ਦਾ ਸਮਾਂ ਤਾਂ ਪਿਛਲੇ ਸਮੇਂ ਦੀਆਂ ਹੋਈਆਂ ਗ਼ਲਤੀਆਂ ਨੂੰ ਠੀਕ ਕਰਨ 'ਤੇ ਲੱਗ ਗਿਆ ਪਰ ਹੁਣ ਸ਼ਹਿਰ 'ਚ ਵਿਕਾਸ ਕਾਰਜ ਪੂਰੀ ਗਤੀ 'ਤੇ ਸ਼ੁਰੂ ਹੋ ਚੁੱਕੇ ਹਨ।