ਜੀ ਐੱਸ ਪੰਨੂ
ਪਟਿਆਲਾ/ ਮੂਣਕ19 ਨਵੰਬਰ 2018
ਪੰਜਾਬ ਸਟੂਡੈਂਟਸ ਯੂਨੀਅਨ ( ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਇੱਕ ਵਫ਼ਦ ਮੂਣਕ ਤਹਿਸੀਲ ਵਿੱਚ ਤਹਿਸੀਲਦਾਰ ਸਾਹਿਬ, ਨੈਬ ਤਹਿਸੀਲਦਾਰ ਅਤੇ ਐਸਡੀਐਮ ਸਾਹਿਬ ਦੀ ਗੈਰ ਮੌਜੂਦਗੀ ਵਿੱਚ ਕਲਰਕ ਸਤਪਾਲ ਸਿੰਘ ਨੂੰ ਮਿਲਿਆ। ਵਫ਼ਦ ਦੀ ਅਗਵਾਈ ਕਰ ਰਹੇ ਆਗੂਆਂ ਹੁਸ਼ਿਆਰ ਸਿੰਘ ਸਲੇਮਗੜ੍ਹ,ਜਗਸੀਰ ਸਿੰਘ ਸਲੇਮਗੜ੍ਹ, ਗੁਰਵਿੰਦਰ ਸਿੰਘ ਭੂਟਾਲਕਲਾਂ, ਕੁਲਵਿੰਦਰ ਸਿੰਘ ਖੁਡਾਲਕਲਾਂ ਨੇ ਦੱਸਿਆ ਕਿ ਕਾਲਜਾਂ ਦੇ ਵਿੱਚ ਪੜ੍ਹ ਰਹੇ ਐਸਸੀ ਵਿਦਿਆਰਥੀਆਂ ਤੋਂ ਐਸਸੀ ਸਕਾਲਰਸ਼ਿਪ ਅਪਲਾਈ ਕਰਨ ਲਈ ਮੰਗੇ ਜਾਂਦੇ ਦਸਤਾਵੇਜ਼ਾਂ ਵਿੱਚ ਇਸ ਵਾਰ ਆਮਦਨ ਸਰਟੀਫਿਕੇਟ ਦੀ ਮੰਗ ਵੀ ਕੀਤੀ ਗਈ ਹੈ ਜਦੋਂ ਵਿਦਿਆਰਥੀ ਆਮਦਨ ਸਰਟੀਫਿਕੇਟ ਲਈ ਅਪਲਾਈ ਕਰਦੇ ਹਨ ਤਾਂ ਵਿਦਿਆਰਥੀਆਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਪਟਵਾਰੀ ਸਮੇਂ ਸਿਰ ਨਹੀਂ ਮਿਲਦੇ ਤੇ ਕਈ ਵਾਰ ਤਹਿਸੀਲਦਾਰ ਸਾਹਿਬ ਨਹੀਂ ਮਿਲਦੇ ਅਤੇ ਕਈ ਵਾਰ ਤਾਂ ਸੁਵਿਧਾ ਕੇਂਦਰ ਵਾਲੇ ਵਿਦਿਆਰਥੀਆਂ ਦੇ ਅਪਲਾਈ ਕੀਤੇ ਦਸਤਾਵੇਜ਼ਾਂ ਨੂੰ ਸਮੇਂ ਸਿਰ ਤਹਿਸੀਲਦਾਰ ਸਾਹਿਬ ਦੇ ਦਫਤਰ ਜਮ੍ਹਾਂ ਹੀ ਨਹੀਂ ਕਰਵਾਉਂਦੇ ਜਿਸ ਦੇ ਕਾਰਨ ਵਿਦਿਆਰਥੀ ਐਸਸੀ ਸਕਾਲਰਸ਼ਿਪ ਅਪਲਾਈ ਕਰਨ ਚ ਕਈ ਕਈ ਦਿਨ ਪੱਛੜ ਜਾਂਦੇ ਹਨ । ਇਸ ਤਰ੍ਹਾਂ ਸਮੇਂ ਸਿਰ ਸਕਾਲਰਸ਼ਿਪ ਲਈ ਅਪਲਾਈ ਨਾ ਕਰ ਸਕਣ ਦੇ ਕਾਰਨ ਵਿਦਿਆਰਥੀਆਂ ਨੂੰ ਪੂਰੀ ਫੀਸ ਕਾਲਜ ਵਿੱਚ ਜਮ੍ਹਾਂ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ । ਮੂਣਕ ਤਹਿਸੀਲ ਦੇ ਵਿੱਚ ਤਾਂ ਕੋਈ ਵੀ ਪੱਕਾ ਅਧਿਕਾਰੀ ਨਹੀਂ ਬੈਠਦਾ ਸਾਰੇ ਅਧਿਕਾਰੀ ਵਾਧੂ ਚਾਰਜ ਤੇ ਹੀ ਬੈਠਦੇ ਹਨ । ਇਸ ਲਈ ਇੱਕ ਸਾਧਾਰਨ ਸਰਟੀਫਿਕੇਟ ਬਣਵਾਉਣ ਲਈ ਵੀ ਕਾਫੀ ਸਮਾਂ ਲੱਗ ਜਾਂਦਾ ਹੈ । ਵਿਦਿਆਰਥੀਆਂ ਨੇ ਵਿਰੋਧ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਤਹਿਸੀਲ ਵਿੱਚ ਪੱਕੇ ਅਫ਼ਸਰ ਭੇਜੇ ਜਾਣ ਤੇ ਵਿਦਿਆਰਥੀਆਂ ਦੀ ਲੋੜ ਅਨੁਸਾਰ ਸਰਟੀਫਿਕੇਟ ਬਣਾਉਣ ਚ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇ ।
ਵਿਦਿਆਰਥੀ ਆਗੂਆਂ ਨੇ ਸਰਕਾਰ ਦੁਆਰਾ ਦਸਵੀਂ ਤੇ ਬਾਰ੍ਹਵੀਂ ਦੇ ਵਿੱਚ ਪੜ੍ਹਦੇ ਐਸਸੀ ਵਿਦਿਆਰਥੀਆਂ ਤੋਂ ਪ੍ਰੀਖਿਆ ਫੀਸ ਮੰਗਣ ( ਜੋ ਪਹਿਲਾਂ ਮਾਫ਼ ਸੀ ) ਤੇ ਈਟੀਟੀ ਹੋਲਡਰ ਵਿਦਿਆਰਥੀਆਂ ਦੀ ਪ੍ਰੈਕਟਿਸ ਦਾ ਸਮਾਂ ਸੱਠ ਦਿਨਾਂ ਤੋਂ ਵਧਾ ਕੇ ਦੋ ਸੌ ਦਿਨ ਕਰਨ ਦੀ ਸਖ਼ਤ ਨਿਖੇਧੀ ਕੀਤੀ ।