ਕੈਨੇਡਾ ਦਾ ਗੁਰਦੁਆਰਾ ਬਣਿਆ ਨਸਲੀ ਨਫਰਤ ਦਾ ਨਿਸ਼ਾਨਾ - WSO ਨੇ ਕੀਤੀ ਨਿੰਦਾ
ਕਲੋਨਾ, 20 ਨਵੰਬਰ 2018 - ਸੋਮਵਾਰ ਨੂੰ ਕੈਨੇਡਾ ਦੇ ਸ਼ਹਿਰ ਕਲੋਨਾ 'ਚ ਬੀਤੇ ਦਿਨੀਂ ਗੁਰਦੁਆਰਾ ਗੁਰੂ ਅਮਰਦਾਸ ਦਰਬਾਰ ਸਿੱਖ ਸੋਸਾਇਟੀ 'ਚ ਗ੍ਰੈਫਿਟੀ ਸਪ੍ਰੇਅ ਨਾਲ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ। ਸਥਾਨਕ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਅਰੰਭ ਦਿੱਤੀ ਹੈ।
ਇਸ ਘਟਨਾ ਦਾ WSO ਨੇ ਵਿਰੋਧ ਕਰਦਿਆਂ ਸਖਤ ਸ਼ਬਦਾਂ 'ਚ ਨਿੰਦਾ ਕੀਤੀ। WSO ਵੱਲੋਂ ਕਲੋਨਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ 'ਚ ਅਜਿਹੀ ਘਟਨਾ ਸਾਹਮਣੇ ਆ ਚੁੱਕੀ ਹੈ, ਪਰ ਉਸ ਵੇਲੇ ਪੁਲੀਸ ਦੀ ਦਖਲਅੰਦਾਜ਼ੀ ਨਹੀਂ ਕਰਾਈ ਗਈ ਸੀ। ਗੁਰਦੁਆਰਾ ਸਾਹਿਬ ਦੇ ਗੇਟ ਸਵੇਰ 5.15 ਤੋਂ ਲੈ ਕੇ ਸ਼ਾਮ 8.30 ਤੱਕ ਖੁੱਲ੍ਹੇ ਰਹਿੰਦੇ ਹਨ।
ਇਸ ਮੌਕੇ WSO ਬੀਸੀ ਦੇ ਵਾਈਸ ਪ੍ਰਧਾਨ ਅਮਨਪ੍ਰੀਤ ਸਿੰਘ ਹੁੰਦਲ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਅਜਿਹੀਆਂ ਵਾਰਦਾਤਾਂ ਵਾਰ-ਵਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਭ ਲਈ ਇੱਕ ਹੈ ਤੇ ਬਿਨਾ ਕਿਸੇ ਡਰ ਅਤੇ ਭੈਅ ਸਿੱਖ ਭਾਈਚਾਰਾ ਹਮੇਸ਼ਾ ਲੋਕਾਂ ਦੀ ਨਿਸ਼ਕਾਮ ਸੇਵਾ 'ਚ ਵਿਸ਼ਵਾਸ ਰੱਖਦਾ ਹੈ।
WSO ਨੇ ਸਿੱਖ ਭਾਈਚਾਰੇ ਨੂੰ ਸਤਰਕ ਰਹਿਣ ਦੀ ਅਪੀਲ ਕਰਦਿਆਂ ਫੋਨ ਨੰਬਰ ਦਿੱਤੇ ਤੇ ਅੱਗੋਂ ਤੋਂ ਅਜਿਹੀ ਵਾਰਦਾਤ ਬਾਰੇ ਇਸ ਨੰਬਰ 'ਤੇ ਸੰਪਰਕ ਕਰ ਕੇ ਜਾਣਕਾਰੀ ਦੇਣ ਲਈ ਕਿਹਾ।