ਆਰੀਅਨ ਗਰੁੱਪ ਆਫ ਕਾਲਜ ਖਿਲਾਫ ਧਰਨੇ 'ਤੇ ਬੈਠੇ ਵਿਦਿਆਰਥੀਆਂ 'ਤੇ ਵਰ੍ਹੇ ਪੁਲੀਸ ਦੇ ਡੰਡੇ
ਕੁਲਵੰਤ ਸਿੰਘ ਬੱਬੂ
ਰਾਜਪੁਰਾ 20 ਨਵੰਬਰ 2018 - ਬਨੂੜ ਸਥਿਤ ਪਿੰਡ ਨੇਪਰਾਂ ਵਿਖੇ ਆਰੀਅਨ ਗਰੁੱਪ ਆਫ਼ ਕਾਲਜ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸੜਕੀ ਆਵਜਾਈ ਜਾਮ ਕਰਕੇ ਕਾਲਜ ਮੈਨੇਜਮੈਂਟ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਥਾਣਾ ਬਨੂੜ ਅਤੇ ਖੇੜੀ ਗੰਡਿਆਂ ਦੇ ਐਸਐਚਓ ਸਮੇਤ ਪੁਲੀਸ ਮੌਕੇ ਉੱਤੇ ਪਹੁੰਚੇ ਤੇ ਪੁਲੀਸ ਨੇ ਲਾਠੀਚਾਰਜ ਕਰਕੇ ਵਿਦਿਆਰਥੀਆਂ ਨੂੰ ਸੜਕ ਤੋਂ ਖਾਲੀ ਕਰਵਾਈ ਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾਇਆ । ਇਸ ਮੌਕੇ ਐਸਡੀਐਮ ਰਾਜਪੁਰਾ ਸ਼ਿਵ ਕੁਮਾਰ ਅਤੇ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਕਾਲਜ਼ ਮਨੇਜਮੈਂਟ ਨਾਲ ਮਿਲ ਕੇ ਮਾਮਲਾ ਹਲ ਕਰਨ ਦਾ ਭਰੋਸਾ ਦਿਤਾ।
ਜਾਣਕਾਰੀ ਦੇ ਅਨੁਸਾਰ ਨੇੜਲੇ ਪਿੰਡ ਨੇਪਰਾਂ ਵਿੱਚ ਸਥਿਤ ਆਰੀਅਨ ਗਰੁੱਪ ਆਫ ਕਾਲਜ ਦੇ ਵਿਦਿਆਰਥੀ ਇਮਰਾਨ, ਫਰੀਜ ਅਸ਼ਫਾਜ਼ ,ਜਾਫੀਆਂ, ਸਿਕੰਦਰ ਅੰਜਲੀ, ਮੋਹਿਤ, ਪੂਜਾ ਸਣੇ ਸੈਂਕੜੇ ਵਿਦਿਆਰਥੀਆਂ ਨੇ ਰਾਜਪੁਰਾ ਚੰਡੀਗੜ੍ਹ ਰੋਡ ਉੱਤੇ ਪਿੰਡ ਆਲਮਪੁਰ ਨੇੜੇ ਸੜਕ ਤੇ ਜਾਮ ਲਗਾਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਕਾਲਜ ਮੈਨੇਜਮੈਂਟ ਖਿਲਾਫ ਰੋਸ ਧਰਨਾ ਦਿੱਤਾ। ਇਸ ਦੌਰਾਨ ਜਦੋਂ ਸੜਕੀ ਆਵਾਜਾਈ ਠੱਪ ਹੋ ਗਈ ਤਾਂ ਮੌਕੇ ਉੱਤੇ ਥਾਣਾ ਬਨੂੜ ਦੀ ਪੁਲੀਸ ਪਹੁੰਚ ਗਈ ਤੇ ਉਨ੍ਹਾਂ ਨੇ ਰੋਸ ਧਰਨੇ ਦੇ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ । ਇਸ ਦੌਰਾਨ ਵਿਦਿਆਰਥਣ, ਅੰਜਲੀ ਫਰੀਜ਼ , ਅਸ਼ਫਾਜ, ਜਾਫੀਆਂ ਸਮੇਤ ਹੋਰ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਾਰਨ ਥਾਣਾ ਖੇੜੀ ਗੰਡਿਆਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਪੁਲੀਸ ਪਾਰਟੀ ਨੇ ਵਿਦਿਆਰਥੀਆਂ ਨੂੰ ਨੂੰ ਸੜਕ ਤੋਂ ਹਟਾਇਆ ਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਕੀਤਾ ਰੋਸ ਧਰਨਾ ਦੇ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਮੈਨੇਜਮੈਂਟ ਦੁਆਰਾ ਕਾਲਜ ਫੀਸ ਵਧਾਉਣ ਸਕਾਲਰਸ਼ਿਪ ਫ਼ੀਸ ਜਬਰੀ ਭਰਵਾਉਣ ਸਬੰਧੀ ਅਤੇ ਫੀਸ ਨਾ ਭਰਨ ਤੇ ਜੁਰਮਾਨਾ ਵਸੂਲਣ ਸਬੰਧੀ ਸਪਲੀ ਦੀ ਨਿਸ਼ਚਿਤ ਫ਼ੀਸ ਤੋਂ ਵਾਧੂ ਫੀਸ ਲੈਣ ਸਬੰਧੀ ਸ਼ਨਾਖ਼ਤ ਕਾਰਡ ਦੀ ਫੀਸ ਵੱਧ ਵਸੂਲਣ ਸਬੰਧੀ ਇਵੈਂਟ ਕਰਵਾਉਣ ਦੇ ਨਾਂ ਉੱਤੇ ਜਬਰੀ ਵਸੂਲੀ ਇਵੈਂਟ ਵਿੱਚ ਹਾਜ਼ਰ ਨਾ ਹੋਣ ਤੇ ਜੁਰਮਾਨੇ ਦੀ ਰਕਮ ਵੱਖਰੀ ਡੀਐੱਮਸੀ ਦੀ ਵੱਖਰੀ ਫੀਸ ਐੱਨਓਸੀ ਫਾਰਮ ਹਰ ਸਾਲ ਕੱਢ ਕੇ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਆਦਿ ਹਨ। ਇਸ ਤੋਂ ਇਲਾਵਾ ਬੀਏ ਵਿੱਚ ਗਣਿਤ ਦਾ ਇੱਕ ਵੀ ਲੈਕਚਰ ਨਹੀਂ ਲੱਗਦਾ।
ਉਨ੍ਹਾਂ ਦੱਸਿਆਂ ਕਿ ਅੱਜ਼ ਉਹ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਧਰਨਾ ਦੇ ਰਹੇ ਸਨ ਪਰ ਪੁਲੀਸ ਚ ਸਾਡੇ ਨਾਲ ਗੱਲ ਕਰਨ ਦੀ ਥਾਂ ਜਬਰੀ ਲਾਠੀ ਚਾਰਜ ਕੀਤਾ ਹੈ ਜੋ ਕਿ ਸਾਡੇ ਨਾਲ ਧੱਕਾ ਹੈ ਉਨ੍ਹਾਂ ਕਾਲਜ ਮੈਨੇਜਮੈਂਟ ਤੇ ਵਰਦਿਆਂ ਕਿਹਾ ਕਿ ਕਾਲਜ ਵੱਲੋਂ ਵੱਡੇ ਮੰਤਰੀ ਦੇ ਉੱਚੇ ਅਹੁਦੇ ਤੇ ਤੈਨਾਤ ਅਧਿਕਾਰੀਆਂ ਨੂੰ ਬਤੌਰ ਮਹਿਮਾਨ ਬੁਲਾਇਆ ਜਾਂਦਾ ਹੈ ਤੇ ਕਾਲਜ ਨੂੰ ਚੰਡੀਗੜ੍ਹ ਦਰਸਾ ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਪਰ ਕਾਲਜ ਚੰਡੀਗੜ੍ਹ ਤੋਂ ਕਰੀਬ 35 ਕਿਲੋਮੀਟਰ ਦੂਰ ਹੈ ਤੇ ਮੇਨ ਸੜਕ ਤੋਂ ਵੀ ਕਾਲਜ ਪਿੰਡ ਨੇਪਰਾ ਨੇੜੇ ਸਥਿਤ ਹੋਣ ਕਰਕੇ ਵਿਦਿਆਰਥੀਆਂ ਨੂੰ ਖੱਜਲ ਹੋਣਾ ਪੈ ਰਿਹਾ ਹੈ ਇਸ ਸਬੰਧੀ ਆਰੀਅਨ ਗਰੁੱਪ ਆਫ ਕਾਲਜ ਮੈਨੇਜਮੈਂਟ ਦੇ ਡਾਇਰੈਕਟਰ ਪ੍ਰੋਫੈਸਰ ਬੀ ਐਸ ਸਿੱਧੂ ਨੇ ਕਿਹਾ ਕਿ ਕਾਲਜ ਪਹਿਲਾਂ ਹੀ ਕਾਲਜ ਵਿੱਤੀ ਕਾਲਜ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਦੁਆਰਾ ਕਾਲਜ ਮੈਨੇਜਮੈਂਟ ਖਿਲਾਫ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਇਸ ਸਬੰਧੀ ਵਿਦਿਆਰਥੀਆਂ ਨੂੰ ਜੇਕਰ ਕੋਈ ਪ੍ਰੇਸ਼ਾਨੀ ਸੀ ਤਾਂ ਕਾਲਜ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ।