'ਲਾਸ਼ਾਂ 'ਤੇ ਸਿਆਸਤ ਕਰਨਾ ਬਾਦਲਾਂ ਦੀ ਫਿਤਰਤ' - ਸਿੱਧੂ ਨੇ ਸੁਖਬੀਰ ਨੂੰ ਚੇਤੇ ਕਰਾਏ ਵਜ਼ੀਰੀ ਦੇ ਦਿਨ
ਚੰਡੀਗੜ੍ਹ, 20 ਨਵੰਬਰ 2018 - ਅੰਮ੍ਰਿਤਸਰ ਬੰਬ ਧਮਾਕੇ ਮਾਮਲੇ 'ਤੇ ਸੁਖਬੀਰ ਬਾਦਲ ਦੇ ਬਿਆਨਾਂ ਦਾ ਮੋੜਵਾਂ ਜਵਾਬ ਦਿੰਦਿਆਂ ਅੱਜ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈੱਸ ਕਾਨਰੰਸ ਦੌਰਾਨ ਸੁਖਬੀਰ 'ਤੇ ਖੂਬ ਤੰਜ ਕਸੇ ਗਏ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਮੱਤ ਭ੍ਰਿਸ਼ਟ ਹੋ ਚੁੱਕੀ ਹੈ, ਜਿਸ ਕਾਰਨ ਉਹ ਅਜਿਹੀਆਂ ਗੱਲਾਂ ਕਰ ਰਿਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਕਦੇ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਦੇਖਿਆ ਕਿ ਉਹਨਾਂ ਦੀ ਸਰਕਾਰ ਵੇਲੇ ਕਿੱਡੀਆਂ ਵੱਡੀਆਂ ਘਟਨਾਵਾਂ ਹੋਈਆਂ ਸਨ ਤੇ ਉਸ ਵੇਲੇ ਉਹ ਕਿਉਂ ਨਹੀਂ ਸੀ ਕੁਝ ਬੋਲਿਆ ? ਸਿੱਧੂ ਨੇ ਸੁਖਬੀਰ ਨੂੰ ਬਾਦਲਾਂ ਦੀ ਸਰਕਾਰ ਸਮੇਂ ਦੀਆਂ ਕੁਝ ਘਟਨਾਵਾਂ ਚੇਤੇ ਕਰਾਈਆਂ।
ਸਿੱਧੂ ਮੁਤਾਬਕ ਕੀ ਸਨ ਉਹ ਘਟਨਾਵਾਂ, ਹੇਠਾਂ ਪੜ੍ਹੋ :-
- ਸ਼ਿੰਗਾਰ ਸਿਨੇਮਾ 'ਚ ਹਏ ਬੰਬ ਬਲਾਸਟ ਮੌਕੇ ਸੁਖਬੀਰ ਨੇ ਕਿਉਂ ਨਹੀਂ ਖੋਲ੍ਹਿਆ ਮੂੰਹ ?
- ਨਾਮਧਾਰੀ ਮਾਤਾ ਚੰਦ ਕੌਰ ਦੇ ਕਤਲ ਵਕਤ ਉਹ ਕਿੱਥੇ ਸਨ ?
- ਨਾਭਾ ਜੇਲ ਬ੍ਰੇਕ ਕਾਂਡ, ਜਿਸ 'ਚ ਸਾਰੀ ਦੁਨੀਆ ਨੂੰ ਕਹਿੰਦੀ ਸੀ ਕਿ ਕੌਣ ਇਸ ਕਾਂਡ ਦੇ ਪਿੱਛੇ ਹੈ
- ਰਣਜੀਤ ਸਿੰਘ ਢੱਡਰੀਆਂਵਾਲੇ 'ਤੇ ਸ਼ਬੀਲ ਦਾ ਢੋਂਗ ਰਚਾ ਹਮਲਾ ਹੋਇਆ, ਉਸ ਵੇਲੇ ਸੁਖਬੀਰ ਕਿੱਥੇ ਸੀ ?
- ਸਭ ਤੋਂ ਅਹਿਮ ਗੱਲ, ਸਾਲ 1978 'ਚ ਜੋ ਕਾਂਡ ਹੋਇਆ, ਉਸ ਪਿੱਛੇ ਕਿਸਦਾ ਹੱਥ ਸੀ ?
ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਪਹਿਲਾਂ ਆਪਣੇ ਸਪਸ਼ਟੀਕਰਨ ਦੇਣ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਲਾਸ਼ਾ 'ਤੇ ਸਿਆਸਤ ਕਰਨੀ ਫਿਤਰਤ ਹੀ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੱਡੀ ਘਟਨਾ ਹੋਈ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਤੁਰਨਾ ਚਾਹੀਦਾ ਹੈ, ਨਾ ਕਿ ਬਿਨ ਮਤਲਬ ਇੱਕ ਦੂਜੇ 'ਤੇ ਚਿੱਕੜ ਉਛਾਲਣਾ ਚਾਹੀਦਾ ਹੈ।