ਕਰਤਾਰਪੁਰ ਲਾਂਘੇ 'ਤੇ ਕੇਂਦਰ ਦਾ ਮੌਨ - ਦਰਸ਼ਨ ਕਰਾਉਣ ਲਈ ਕੱਢਿਆ ਨਵਾਂ ਢੰਗ
ਨਵੀਂ ਦਿੱਲੀ, 20 ਨਵੰਬਰ 2018 - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਕੇਂਦਰ ਸਰਕਾਰ ਫਿਲਹਾਲ ਮੌਨ ਧਾਰੀ ਹੀ ਬੈਠੀ ਹੈ। ਪਰ ਇਸਦੇ ਉਲਟ ਸਰਕਾਰ ਵੱਲੋਂ ਨਵੇਂ ਢੰਗੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉੱਚ ਸਮਰੱਥਾ ਵਾਲੀ ਟੈਲੀਸਕੋਪ ਲਾਈ ਜਾਵੇਗੀ ਤਾਂ ਜੋ ਸਿੱਖ ਸ਼ਰਧਾਲੂ ਸਰਹੱਦ ਦੇ ਉਸ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਇਸ ਦੇ ਨਾਲ ਹੀ ਰੇਲਵੇ ਵੱਲੋਂ ਇਕ ਵਿਸ਼ੇਸ਼ ਰੇਲਗੱਡੀ ਵੀ ਚਲਾਈ ਜਾਵੇਗੀ, ਜੋ ਗੁਰੂ ਸਾਹਿਬ ਨਾਲ ਸਬੰਧਤ ਥਾਵਾਂ ਤੇ ਹੋ ਕੇ ਲੰਘੇਗੀ।
ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਕਰਤਾਰਪੁਰ ਲਾਂਘੇ ਦਾ ਮਸਲਾ ਕਾਫੀ ਭਖਿਆ ਸੀ। ਪਰ ਇਸ 'ਤੇ ਵੀ ਸਿਆਸਤ ਕਰ ਕੇ ਵਿਰੋਧੀਆਂ ਵੱਲੋਂ ਵਾਰ ਵਾਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ ਭਾਰਤ ਇਸ ਮਸਲੇ 'ਤੇ ਪਾਕਿਸਤਾਨ ਨਾਲ ਗੱਲ ਕਰਨ ਲਈ ਤਿਆਰ ਵੀ ਹੋ ਗਿਆ ਸੀ ਪਰ ਬਾਅਦ 'ਚ ਪਾਕਿਸਤਾਨ ਨੂੰ ਕੋਰੀ ਨਾਂਹ ਕਰ ਦਿੱਤੀ। ਇੱਧਰ ੨੦੧੯ 'ਚ ਮੋਦੀ ਸਰਕਾਰ ਨੂੰ ਚੋਣਾਂ ਦਾ ਫਿਕਰ ਹੋਣ ਕਾਰਨ ਹੁਣ ਦੁਬਾਰਾ ਮੰਤਰਾਲੇ ਦਾ ਬਿਆਨ ਆਇਆ ਸੀ ਕਿ ਉਹ ਪਾਕਿਸਤਾਨ ਨਾਲ ਇਸ ਮਸਲੇ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਮੌਜੂਦਾ ਸਥਿਤੀ ਦੇਖ ਇਹੀ ਆਖਿਆ ਜਾ ਸਕਦੈ ਕਿ ਫਿਲਹਾਲ ਕੇਂਦਰ ਸਰਕਾਰ ਕਰਤਾਰਪੁਰ ਲਾਂਘੇ 'ਤੇ ਮੌਨ ਰੱਖੀ ਬੈਠੀ ਹੈ।