ਭੱਠਾ ਮਾਲਕਾਂ ਨੇ ਪੰਜਾਬ ਪ੍ਰਦਰਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕਰ ਦੱਸੀਆਂ ਮੁਸ਼ਕਿਲਾਂ
ਪਟਿਆਲਾ, 20 ਨਵੰਬਰ 2018 - ਪੰਜਾਬ ਬਰੀਕ ਕੀਲਣ ਆਨਰਜ਼ ਐਸੋਸੀਏਸ਼ਨ ਵੱਲੋਂ ਜਨਰਲ ਸਕੱਤਰ ਇੰਦਰਪਾਲ ਸਿੰਘ ਵਾਲੀਆ ਦੀ ਅਗਵਾਈ ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸਤਵਿੰਦਰ ਸਿੰਘ ਮਰਵਾਹਾ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਦੇ ਭੱਠਾ ਮਾਲਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਦੇ ਵੱਖ ਵੱਖ ਜਿਲ੍ਹਿਆਂ ਤੋਂ ਭੱਠਿਆਂ ਦੇ ਮਾਲਕ ਉੱਥੇ ਹਾਜ਼ਰ ਰਹੇ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਚ ਕੁੱਲ 2870 ਦੇ ਕਰੀਬ ਭੱਠੇ ਚੱਲ ਰਹੇ ਹਨ, ਜਿਨ੍ਹਾਂ ਰਾਹੀਂ 20 ਲੱਖ ਦੇ ਕਰੀਬ ਵਿਅਕਤੀ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਪ੍ਰੈਲ 2018 ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 1 ਸਤੰਬਰ 2018 ਤੋਂ ਲੈ ਕੇ 31 ਜਨਵਰੀ 2019 ਤੱਕ ਸੂਬੇ ਦੇ ਸਾਰੇ ਭੱਠਿਆਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਸੀ, ਪਰ 1 ਅਕਤੂਬਰ 2018 ਨੂੰ ਵਾਤਾਵਰਨ ਸਕੱਤਰ ਪੰਜਾਬ ਰਾਕੇਸ਼ ਵਰਮਾ ਵੱਲੋਂ ਉਨ੍ਹਾਂ ਨੂੰ ਭੱਠੇ ਚਲਾਉਣ ਦੇ ਆਦੇਸ਼ ਦੇ ਦਿੱਤੇ ਸੀ। ਜਿਨ੍ਹਾਂ ਦੇ ਆਦੇਸ਼ਾਂ ਦੇ ਚੱਲਦਿਆਂ ਕੁੱਝ ਭੱਠਾ ਮਾਲਕਾਂ ਵੱਲੋਂ ਆਪਣੇ ਭੱਠੇ ਚਲਾ ਲਏ ਸੀ। ਵਾਲੀਆ ਨੇ ਦੱਸਿਆ ਕਿ ਇੱਟਾਂ ਦੇ ਮਾਫ਼ੀਆ ਵੱਲੋਂ ਇਸ ਦੀ ਐਨ.ਜੀ.ਟੀ. ਦੇ ਕੋਲ ਸ਼ਿਕਾਇਤ ਕੀਤੀ ਗਈ, ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਮੁੜ ਤੋਂ ਇਨ੍ਹਾਂ ਭੱਠਿਆ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਭੱਠਾ ਮਾਲਕਾਂ ਨੇ ਉਨ੍ਹਾਂ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਭੱਠਿਆ ਨੂੰ ਚਾਲੂ ਕਰਨ ਦੇ ਆਦੇਸ਼ ਦਿੱਤੇ ਜਾਣ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੂਬੇ ਚ ਚੱਲ ਰਹੇ ਸਮੂਹ ਭੱਠਿਆ ਨੂੰ ਸਾਧਾਰਨ ਤੋਂ ਆਧੁਨਿਕ ਕਰਨ ਲਈ ਵੀ ਉਨ੍ਹਾਂ ਨੂੰ 31 ਮਾਰਚ 2019 ਤੱਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ਨੂੰ ਵਧਾ ਕੇ ਦੋ ਸਾਲਾਂ ਦਾ ਹੋਰ ਸਮਾਂ ਦਿੱਤਾ ਜਾਵੇ। ਜਿਸ ਦਾ ਕਾਰਨ ਇਹ ਹੈ ਕਿ ਭੱਠਿਆਂ ਨੂੰ ਆਧੁਨਿਕ ਕਰਨ ਲਈ 40 ਤੋਂ 50 ਰੁਪਏ ਦਾ ਖਰਚਾ ਆਉਣਾ ਹੈ ਤੇ ਕਾਫ਼ੀ ਸਮਾਂ ਵੀ ਲੱਗ ਜਾਣਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਇਨ੍ਹਾਂ ਭੱਠਿਆਂ ਨੂੰ ਆਧੁਨਿਕ ਕਰਨ ਲਈ 31 ਮਾਰਚ 2021 ਤੱਕ ਦਾ ਸਮਾਂ ਦਿੱਤਾ ਜਾਵੇ। ਪੰਜਾਬ ਦੇ ਸਮੂਹ ਪੱਠਾ ਮਾਲਕਾਂ ਦੀਆਂ ਇਨ੍ਹਾਂ ਮੰਗਾ ਨੂੰ ਸੁਣਨ ਤੋਂ ਬਾਅਦ ਚੇਅਰਮੈਨ ਮਰਵਾਹਾ ਵੱਲੋਂ ਉਨ੍ਹਾਂ ਦੀਆਂ ਮੰਗਾ ਤੇ ਵਿਚਾਰ ਕਰਨ ਸਬੰਧੀ ਕਿਹਾ ਗਿਆ ਹੈ।
ਪਟਿਆਲਾ ਵਿਖੇ ਭੱਠਾ ਮਾਲਕਾਂ ਨੇ ਕਿਹਾ ਕਿ ਸੂਬੇ ਚ ਪਹਿਲਾ ਕੇਬਲ ਮਾਫ਼ੀਆ, ਰੇਤ ਮਾਫ਼ੀਆ ਵੱਲੋਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ ਪਰ ਹੁਣ ਇੱਟ ਮਾਫ਼ੀਆ ਦੀ ਗੁੰਡਾਗਰਦੀ ਦੇ ਚੱਲਦਿਆਂ ਅੱਜ ਆਮ ਲੋਕਾਂ ਨੂੰ ਘਰ ਬਣਾਉਣ ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਇੱਟਾਂ ਬਣਾਉਣ ਦੇ ਕਾਰੋਬਾਰ ਚ ਅੜਿੱਕਾ ਬਣਨ ਵਾਲੇ ਇੱਟਾਂ ਮਾਫ਼ੀਆ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਫ਼ੀਆਂ ਦੇ ਖ਼ਿਲਾਫ਼ ਭੱਠਾ ਮਾਲਕਾਂ ਵੱਲੋਂ 23 ਨਵੰਬਰ 2018 ਨੂੰ ਜਲੰਧਰ ਦੇ ਟੀ.ਵੀ. ਟਾਵਰ ਦੇ ਪਿਛਲੇ ਪਾਸੇ ਸਥਿਤ ਹੋਟਲ ਰਿਜਟ ਪੈਲੇਸ ਵਿਖੇ ਸੂਬਾ ਪੱਧਰ ਦੀ ਬੈਠਕ ਵੀ ਕੀਤੀ ਜਾ ਰਹੀ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਵਾਲੀਆ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਰੇਖੀ, ਮੀਤ ਪ੍ਰਧਾਨ ਪੰਕਜ ਡਡਵਾਲ, ਕੈਸ਼ੀਅਰ ਨਮਿਤ ਗੁਪਤਾ, ਗੁਰਦਾਸਪੁਰ ਤੋਂ ਦਲਬੀਰ ਸਿੰਘ ਬਿੱਲਾ, ਹੁਸ਼ਿਆਰਪੁਰ ਤੋਂ ਮਨੀਸ਼ ਗੁਪਤਾ, ਫ਼ਿਰੋਜਪੁਰ ਤੋਂ ਬਲਕਾਰ ਸਿੰਘ, ਅੰਮ੍ਰਿਤਸਰ ਤੋਂ ਐੱਚ.ਐੱਸ. ਮਾਨ, ਸੰਗਰੂਰ ਤੋਂ ਭਾਰਤ ਭੂਸ਼ਨ, ਕਾਨੂੰਨੀ ਸਲਾਹਕਾਰ ਰਾਜੀਵ ਸ਼ਰਮਾ, ਤੇ ਸੀਨੀਅਰ ਮੈਂਬਰ ਠਾਕੁਰ ਦਵਿੰਦਰ ਸਿੰਘ, ਰਾਜੀਵ ਕੁਮਾਰ ਮੱਖਣ ਸਮੇਤ ਵੱਡੀ ਗਿਣਤੀ ਚ ਭੱਠਾ ਮਾਲਕ ਹਾਜ਼ਰ ਹੋਏ।