← ਪਿਛੇ ਪਰਤੋ
ਚੰਡੀਗੜ/ਅੰਮਿ੍ਰਤਸਰ, 20 ਨੰਬਰ 2018 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅੰਮਿ੍ਰਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਸੁਰੇਸ਼ ਸ਼ਰਮਾ ਉੱਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਅੰਮਿ੍ਰਤਸਰ ਲੋਕ ਸਭਾ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਗਾਇਆ ਹੈ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਹਰ ਰੋਜ਼ ਹੋਰ ਬਦਤਰ ਹੁੰਦੀ ਜਾ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਹੋ ਰਹੀਆਂ ਵਾਰਦਾਤਾਂ ਸਾਬਿਤ ਕਰ ਰਹੀਆਂ ਹਨ ਕਿ ਪੰਜਾਬ ‘ਚ ‘ਜੰਗਲ ਰਾਜ’ ਚੱਲ ਰਿਹਾ ਹੈ। ਲੋਕ ਸਹਿਮ ਦੇ ਮਾਹੌਲ ‘ਚ ਦਿਨ ਬੀਤਾ ਰਹੇ ਹਨ। ਸੁੱਤੀ ਪਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਰੱਤੀ ਭਰ ਵੀ ਪਕੜ ਨਹੀਂ ਰਹੀ। ਸੂਬਾਈ ਅਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਅਤੇ ਖੁਫੀਆ ਤੰਤਰ ਬੁਰੀ ਤਰਾਂ ਫੇਲ ਹੋ ਗਿਆ ਹੈ। ਅਜਿਹੇ ਸੰਵੇਦਨਸ਼ੀਲ ਮਾਹੌਲ ਦੌਰਾਨ ਕੇਂਦਰ ਅਤੇ ਸੂਬੇ ‘ਤੇ ਸ਼ਾਸਨ ਕਰ ਰਹੀਆਂ ਰਿਵਾਇਤੀ ਧਿਰਾਂ ਕਾਂਗਰਸ ਅਤੇ ਅਕਾਲੀ-ਭਾਜਪਾ ਵੱਲੋਂ ਕੀਤੀ ਜਾ ਰਹੀ ਵੋਟ ਦੀ ਰਾਜਨੀਤੀ ਦਾ ਰੁਝਾਣ ਚਿੰਤਾਜਨਕ ਹੈ। ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਸੁਰੱਖਿਆ ਏਜੰਸੀਆਂ ਪੂਰੀ ਤਰਾਂ ਮੁਸਤੈਦ ਕਰਨ ਦੀ ਮੰਗ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਪੂਰੀ ਤਰਾਂ ਸੁਚੇਤ ਅਤੇ ਆਪਸੀ ਸਦਭਾਵਨਾ ਅਤੇ ਪ੍ਰੇਮ ਪਿਆਰ ਬਰਕਰਾਰ ਰੱਖਣ ਦੀ ਅਪੀਲ ਕੀਤੀ। ਹਰਪਾਲ ਸਿੰਘ ਚੀਮਾ ਨੇ ਸੁਰੇਸ਼ ਸ਼ਰਮਾ ਦੇ ਹਮਲਾਵਰਾਂ ਨੂੰ ਤੁਰੰਤ ਗਿ੍ਰਫਤਾਰ ਕਰਨ ਅਤੇ ਇਸ ਹਮਲੇ ਦੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਸਮਾਬੱਧ ਨਿਆਇਕ ਜਾਂਚ ਦੀ ਮੰਗ ਕੀਤੀ।
Total Responses : 933