ਸਿਮਰਨਜੀਤ ਵਧਾ ਰਹੀ ਹੈ ਪਿੰਡ ਚਕਰ (ਲੁਧਿਆਣਾ) ਦਾ ਮਾਣ
ਲੁਧਿਆਣਾ, 20 ਨਵੰਬਰ 2018 - ਦਿੱਲੀ ਵਿਖੇ ਚੱਲ ਰਹੀ ਇਲੀਟ ਵਿਮੈਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ 64 ਕਿੱਲੋ ਭਾਰ ਵਰਗ ਵਿੱਚ ਸਿਮਰਨਜੀਤ ਨੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਦੀ ਮੁੱਕੇਬਾਜ਼ ਨੂੰ ਹਰਾ ਕੇ ਦੇਸ਼ ਦੇ ਨਾਲ ਨਾਲ ਪਿੰਡ ਚਕਰ(ਲੁਧਿਆਣਾ) ਨੂੰ ਵੀ ਖੁਸ਼ ਕਰ ਦਿੱਤਾ।
ਉਸ ਨੇ ਅਗਲੇ ਗੇੜ ਵਿੱਚ ਸਕਾਟਲੈਂਡ ਦੀ ਮੁੱਕੇਬਾਜ਼ ਨੂੰ ਹਰਾ ਕੇ ਦੱਸ ਦਿੱਤਾ ਕਿ ਪੰਜਾਬ ਦੀਆਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਜੇ ਉਂਨਾਂ ਨੂੰ ਬਚਪਨ ਤੋਂ ਹੀ ਚੰਗਾ ਮਾਹੌਲ ਤੇ ਮਾਰਗ ਦਰਸ਼ਕ ਮਿਲ ਜਾਵੇ।
ਅਜਮੇਰ ਸਿੰਘ ਸਿੱਧੂ ਅਤੇ ਐਸ ਪੀ ਦਵਿੰਦਰ ਸਿੰਘ ਹੋਰਾਂ ਦੀ ਸਰਪ੍ਰਸਤੀ ਹੇਠ ਬਚਪਨ ਵਿੱਚ ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਤੋਂ ਟਰੇਨਿੰਗ ਲੈ ਕੇ ਕੌਮੀ ਕੈਂਪਾਂ ਤੱਕ ਪਹੁੰਚੀ ਸਿਮਰਨਜੀਤ ਕੌਰ ਚਕਰ ਹੁਣ ਆਪਣੇ ਦੇਸ਼ ਦੇ ਨਾਲ ਨਾਲ ਪਿੰਡ ਦਾ ਵੀ ਮਾਣ ਵਧਾ ਰਹੀ ਹੈ। ਇਕ ਗੀਤ ਦੀਆਂ ਸਤਰਾਂ ਯਾਦ ਆ ਰਹੀਆਂ ਹਨ
ਰਹਿਣ ਵਸਦੀਆਂ ਰੱਬਾ
ਇਹ ਮੇਰੇ ਪਿੰਡ ਦੀਆਂ ਕੁੜੀਆ ਨੇ।
ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦੇ ਪਿੰਡ ਦੀ ਜੰਮੀ ਜਾਈ ਸਿਮਰਨਜੀਤ ਦਾ ਅਗਲਾ ਮੈਚ ਆਇਰਲੈਂਡ ਨਾਲ ਹੈ। ਉਮੀਦ ਹੈ ਉਹ ਪਹਿਲਾਂ ਦੀ ਤਰਾਂ ਇਸ ਵਾਰ ਵੀ ਸਫਲ ਹੋ ਨਿਬੜੇਗੀ।
ਪਿੰਡ ਵਾਸੀਆਂ ਦੀਆਂ ਦੁਆਵਾਂ ਤੇ ਸ਼ੁਭ ਕਾਮਨਾਵਾਂ ਉਸ ਨਾਲ ਹਨ।
ਇਸ ਪਿੰਡ ਦੀਆਂ ਬਾਕਸਿੰਗ ਖਿਡਾਰਨਾਂ ਨੂੰ ਕੌਮੀ ਬਾਕਸਿੰਗ ਕੋਚ ਸ: ਗੁਰਬਖ਼ਸ਼ ਸਿੰਘ ਸੰਧੂ ਦੀ ਵੀ ਥਾਪਣਾ ਹਾਸਲ ਹੈ।
ਬਲਵੰਤ ਸਿੰਘ ਸੰਧੂ(ਡਾ)