ਡੀ.ਜੇ ਵਜਾ ਗਵਾਂਢੀ ਨੂੰ ਤੰਗ ਕਰਨ ਵਾਲਿਆਂ ਦੀ ਖੈਰ ਨਹੀਂ - ਕੋਰਟ ਹੋਇਆ ਸਖਤ
ਚੰਡੀਗੜ੍ਹ , 21 ਨਵੰਬਰ 2018 - ਚੰਡੀਗੜ੍ਹ ਦੇ ਆਲੇ ਦੁਆਲੇ ਪੰਜਾਬ ਅਤੇ ਹਰਿਆਣਾ ਦੇ ਮੈਰਿਜ ਪੈਲੇਸਾਂ ਅਤੇ ਪ੍ਰਾਈਵੇਟ ਫਾਰਮ ਹਾਊਸਾਂ ਤੋਂ ਨਿਕਲਦੇ ਜ਼ੋਰਦਾਰ ਸੰਗੀਤ ਦੁਆਰਾ ਬਣੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਓ ਮੋਟੋ ਲੈਂਦਿਆਂ ਇਸ ਮਾਮਲੇ ਨੂੰ ਜਨਹਿਤ ਪਟੀਸ਼ਨ ਵਜੋਂ ਲੈਂਦਿਆਂ ਨਵੀਆਂ ਗਾਈਡਲਾਈਨ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਨੋਟਿਸ ਕਾਂਸਲ ਕੌਂਸਲਰ ਦੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਡੀ.ਜੇ ਨਾਈਟ ਦੌਰਾਨ ਲੋਕਾਂ ਦੀਆਂ ਨੀਂਦਰਾਂ ਖਰਾਬ ਹੋਣ ਤੋਂ ਬਾਅਦ ਦਿੱਤਾ ਗਿਆ।
ਆਪਣੀ ਨੋਟਿਸ ਵਿਚ ਜਸਟਿਸ ਜੀ.ਐਸ. ਸੰਧਾਵਾਲੀਆ ਨੇ ਜ਼ੋਰ ਦੇ ਕੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਹਾਲ ਹੀ ਵਿਚ ਇਸ ਤੱਥ ਦੇ ਕਾਰਨ ਆਪਣੀ ਬੇਵਸੀ ਦਾ ਪ੍ਰਗਟਾਵਾ ਕੀਤਾ ਹੈ ਤੇ ਪੁਲਿਸ ਦਾ ਇਸ 'ਤੇ ਕੋਈ ਵੀ ਕੰਟਰੋਲ ਨਹੀਂ ਹੈ। ਪੁਲਿਸ ਨੂੰ ਦੇਰ ਰਾਤ ਵੱਜਦੇ ਸਪੀਕਰਾਂ ਦੀਆਂ ਕੁਝ ਸ਼ਿਕਾਇਤਾਂ ਜਰੂਰ ਮਿਲੀਆਂ।
ਜਸਟਿਸ ਸੰਧਾਵਾਲੀਆ ਨੇ ਚੀਫ ਜਸਟਿਸ ਅੱਗੇ ਇਸ ਮਾਮਲੇ ਨੂੰ ਡਿਵੀਜ਼ਨ ਬੈਂਚ ਦੇ ਸਾਹਮਣੇ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਪੇਸ਼ ਕਰਨ ਦਾ ਆਦੇਸ਼ ਦਿੱਤਾ ਕਿਉਂਕਿ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਪਰੇਸ਼ਾਨੀ ਹੋਰ ਵੀ ਵਧਣ ਦੀ ਸੰਭਾਵਨਾ ਹੈ। ਜਸਟਿਸ ਸੰਧਾਵਾਲੀਆ ਨੇ ਯੂਟੀ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਮਿਲੀਆਂ ਸ਼ਿਕਾਇਤਾਂ 'ਤੇ ਐਫੀਡੇਵਿਟ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁਹਾਲੀ ਦੇ ਸੀਨੀਅਰ ਸੁਪਰੀਡੈਂਟ ਪੁਲਿਸ ਨਯਾਗਾਉਂ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਨੂੰ ਵੀ 15-16 ਅਤੇ 16-17 ਨਵੰਬਰ ਦੀ ਰਾਤ ਦੇ ਸਮਾਗਮਾਂ ਦੀਆਂ ਡਿਟੇਲਾਂ ਕੱਢਣ ਲਈ ਨਿਰਦੇਸ਼ ਦਿੱਤੇ ਹਨ। ਕਾਂਸਲ ਕੌਂਸਲਰ ਦੇ ਬੇਟੇ ਦੇ ਵਿਆਹ ਦਾ ਹਵਾਲਾ ਦਿੰਦਿਆਂ ਸੰਧਾਵਾਲੀਆ ਨੇ ਕਿਹਾ ਕਿ ਜੇਕਰ ਇੱਕ ਸਮਾਜ ਦਾ ਚੁਣਿਆ ਨੁਮਾਇੰਦਾ ਹੀ ਲੋਕਾਂ ਲਈ ਪ੍ਰੇਸ਼ਾਨੀ ਬਣੇਗਾ ਤਾਂ ਆਮ ਲੋਕ ਕੀ ਕਰਨਗੇ।