ਜੇਕਰ ਕੋਈ ਮਾਣ ਨਾਲ ਬੁਲਾਵੇ ਤਾਂ ਮੈਂ ਕਿਓਂ ਨਾ ਜਾਵਾਂ ?
ਬਲਜੀਤ ਬੱਲੀ
ਚੰਡੀਗੜ੍ਹ , 23 ਨਵੰਬਰ , 2018 : ਸਰਹੱਦ ਪਾਰ ਤੋਂ ਸਿਆਸੀ ਹਲਚਲ ਮਚਾਉਣ ਵਾਲੀ ਖ਼ਬਰ ਆਈ ਹੈ। ਨਵਜੋਤ ਸਿੱਧੂ ਨੂੰ ਇੱਕ ਵਾਰ ਫੇਰ ਉਨ੍ਹਾਂ ਦੇ ਖਿਡਾਰੀ ਤੋਂ ਪ੍ਰਧਾਨ ਮੰਤਰੀ ਬਣੇ ਦੋਸਤ ਇਮਰਾਨ ਖ਼ਾਨ ਨੇ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਇਹ ਸੱਦਾ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਵਾਲੇ ਪਾਸੇ ਸ਼ੁਰੂ ਹੋ ਰਹੀ ਉਸਾਰੀ ਦੇ ਨੀਂਹ ਪੱਥਰ ਰੱਖਣ ਦੇ ਮੌਕੇ ਲਈ ਦਿੱਤਾ ਗਿਆ ਹੈ .
ਜਦੋਂ ਇਸ ਬਾਰੇ ਨਵਜੋਤ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫ਼ੋਨ ਤੇ ਬਾਬੂਸ਼ਾਹੀ ਨੂੰ ਦੱਸਿਆ " ਜੇਕਰ ਕੋਈ ਮਾਣ -ਸਨਮਾਨ ਨਾਲ ਬੁਲਾਉਂਦਾ ਹੈ ਤਾਂ ਉਹ ਜ਼ਰੂਰ ਜਾਣਗੇ। ਸੱਦੇ ਨੂੰ ਠੁਕਰਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । "
ਨਵਜੋਤ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਜ਼ਰੂਰ ਆਏ ਹਨ ਪਰ ਰਸਮੀ ਤੌਰ 'ਤੇ ਅਜੇ ਸੱਦਾ ਨਹੀਂ ਮਿਲਿਆ ਕਿਉਂਕਿ ਉਹ ਪੰਜਾਬ ਤੋਂ ਬਾਹਰ ਕਾਂਗਰਸ ਦੀ ਚੋਣ ਮੁਹਿੰਮ 'ਚ ਰੁੱਝੇ ਹੋਏ ਹਨ।
ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਚੋਣ ਮੁਹਿੰਮ ਵਿਚਾਲੇ ਛੱਡ ਕੇ ਪਾਕਿਸਤਾਨ ਜਾਣਗੇ ? ਤਾਂ ਉਨ੍ਹਾਂ ਕਿਹਾ ਉਨ੍ਹਾਂ ਦੀ ਚੋਣ ਮੁਹਿੰਮ ਦਾ ਮੌਜੂਦਾ ਪੜਾਅ 26 ਨਵੰਬਰ ਨੂੰ ਖ਼ਤਮ ਹੋ ਜਾਣਾ ਹੈ ਅਤੇ ਇਸ ਤੋਂ ਅਗਲਾ ਪ੍ਰੋਗਰਾਮ 29 ਤਾਰੀਖ਼ ਤੋਂ ਬਾਅਦ ਦਾ ਹੈ । ਇਸ ਲਈ ਚੋਣ ਮੁਹਿੰਮ ਚ ਕੋਈ ਰੁਕਾਵਟ ਨਹੀਂ ਪਵੇਗੀ।
ਇਸੇ ਦੌਰਾਨ ਪਾਕਿਸਤਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ ਇਮਰਾਨ ਖ਼ਾਨ ਨੇ ਬਾਕਾਇਦਾ ਤੌਰ ਤੇ ਨਵਜੋਤ ਸਿੱਧ ਨੂੰ 28 ਨਵੰਬਰ ਲਈ ਕਰਤਾਰਪੁਰ ਆਉਣ ਦਾ ਸੱਦਾ ਭੇਜ ਦਿੱਤਾ ਹੈ।