ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ - ਸੁਨਾਮੀ ਦਾ ਅਲਰਟ ਜਾਰੀ
ਸਿਡਨੀ, 5 ਦਸੰਬਰ 2018 - ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਨਿਊ ਕੈਲੇਡੋਨੀਆ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ, ਜਿਸ ਮਗਰੋਂ ਇੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਨਿਊ ਕੈਲੇਡੋਨੀਆ ਦੀ ਰਾਜਧਾਨੀ ਨੌਮੀਆ ਵਿੱਚ ਸਥਿਤ ਇਕ ਫਰੀਲਾਂਸ ਪੱਤਰਕਾਰ ਜੂਡਿਥ ਰੋਸਟੀਨ ਨੇ ਕਿਹਾ ਕਿ ਸ਼ਹਿਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਸ ਨੇ ਕਿਹਾ ਕਿ ਸਥਿਤੀ ਪੂਰਬ ਤੱਟ 'ਤੇ ਸਹੀ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਨੇ 10 ਕਿਲੋਮੀਟਰ ਦੀ ਡੂੰਘਾਈ 'ਤੇ ਨਿਊ ਕੇਲੇਡੋਨੀਆ ਦੇ ਟੈਡੀਨ ਤੋਂ 168 ਕਿਲੋਮੀਟਰ ਪੂਰਬ ਵੱਲ ਮਾਰ ਕੀਤੀ ਹੈ। ਘੱਟੋ ਘੱਟ ਪੰਜ ਝਟਕੇ 5.6 ਤੋਂ 6.0 ਤੱਕ ਦੇ ਵੱਡੇ ਪੱਧਰ ਦੇ ਦੱਸੇ ਜਾ ਰਹੇ ਹਨ।
ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨਿਊ ਕੈਲੇਡੋਨੀਆ ਦੇ ਪੂਰਬੀ ਤੱਟ ਨਾਲ ਲੱਗਦੇ ਲੋਇਲਟੀ ਟਾਪੂ ਤੋਂ ਕਰੀਬ 155 ਕਿਲੋਮੀਟਰ ਦੂਰ ਸਮੁੰਦਰ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਕੇਂਦਰ ਨੇ ਚਿਤਾਵਨੀ 'ਚ ਕਿਹਾ ਹੈ ਕਿ ਇਸ ਭੂਚਾਲ ਕਾਰਨ ਨਿਊ ਕੈਲੇਡੋਨੀਆ ਅਤੇ ਵਾਨੂਆਤੂ ਤੱਟ ਦੇ ਕੋਲ ਖ਼ਤਰਨਾਕ ਸੁਨਾਮੀ ਦੀਆਂ ਲਹਿਰਾਂ ਆ ਸਕਦੀਆਂ ਹਨ।