ਫ਼ਿਰੋਜ਼ਪੁਰ 5 ਦਸੰਬਰ (ਗੁਰਿੰਦਰ ਸਿੰਘ) ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਨ ਲਈ ਡੈਪੋ ਮੁਹਿੰਮ ਤਹਿਤ ਮਾਸਟਰਜ਼ ਟਰੇਨਰਾਂ, ਕਲਸਟਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਸਬੰਧੀ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਰੀਵਿਊ ਮੀਟਿੰਗ ਕੀਤੀ ਗਈ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨ ਸ੍ਰ: ਧਾਲੀਵਾਲ ਨੇ ਜਿੱਥੇ ਪਿੰਡਾਂ ਵਿਚ ਬਣਾਈਆਂ ਨਿਗਰਾਨ ਕਮੇਟੀਆਂ ਦੇ ਮੈਂਬਰਾਂ, ਕਲਸੱਟਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਡੈਪੋ ਮੁਹਿੰਮ ਤਹਿਤ ਹੁਣ ਤੱਕ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਡੈਪ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡਾਂ ਵਿਚ ਬਣਾਏ ਗਏ ਕਲੱਸਟਰਾਂ ਰਾਹੀਂ ਜ਼ਿਲ੍ਹੇ ਦੇ ਹਰੇਕ ਪਿੰਡ, ਸ਼ਹਿਰ, ਵਾਰਡ, ਮੁਹੱਲਿਆਂ ਆਦਿ ਵਿਚ ਲੋਕਾਂ ਨੂੰ ਨਸ਼ੇ ਨਾ ਕਰਨ ਅਤੇ ਜੋ ਲੋਕ ਨਸ਼ਿਆਂ ਦੇ ਦਲਦਲ ਵਿਚ ਫਸੇ ਹੋਏ ਹਨ, ਉਨ੍ਹਾਂ ਨੂੰ ਨਰੋਈ ਜ਼ਿੰਦਗੀ ਜਿਊਣ ਸਬੰਧੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀ ਇਸ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਆਪਣੇ ਪੱਧਰ ਤੇ ਮੀਟਿੰਗਾਂ ਕਰਨ ਤੇ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਡੈਪੋ ਮੁਹਿੰਮ ਤਹਿਤ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨਿਗਰਾਨ ਕਮੇਟੀਆਂ ਦੇ ਮੈਂਬਰਾਂ/ਕਲਸਟਰਾਂ ਨੂੰ ਕਿਹਾ ਕਿ ਪਿੰਡਾ ਵਿਚ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਖੋਲੇ ਗਏ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਬਾਰੇ ਜਾਣਕਾਰੀ ਦੇਣ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕਿਸੇ ਨੂੰ ਨਸ਼ਾ ਕਰਨ ਲਈ ਪ੍ਰੇਰਿਤ ਕਰਦਾ ਹੈ ਤਾਂ ਇਸ ਸਬੰਧੀ ਸੂਚਨਾ ਪੁਲਿਸ ਵਿਭਾਗ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਦੇਣ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਵਿਚ ਫਸੇ ਲੋਕਾਂ ਨੂੰ ਨਸ਼ਿਆਂ ਦੀ ਚੁੰਗਲ ਵਿਚੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲੈ ਕੇ ਆਉਣ, ਜਿੱਥੇ ਸਰਕਾਰ ਵੱਲੋਂ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।ਇਸ ਮੌਕੇ ਐੱਸ.ਡੀ.ਐੱਮ. ਜ਼ੀਰਾ ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ ਗੁਰੂਹਰਸਹਾਏ ਕੁਲਦੀਪ ਬਾਵਾ ਅਤੇ ਸਿਵਲ ਸਰਜਨ ਡਾ: ਸੁਰਿੰਦਰ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।