ਨਵਾਂ ਸ਼ਹਿਰ, 05 ਦਸੰਬਰ 2018: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਪ੍ਰੋਗਰਾਮ ਦੇ ਨੇੜ ਭਵਿੱਖ ’ਚ ਐਲਾਨ ਦੀ ਸੰਭਾਵਨਾ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵਿਨੈ ਬਬਲਾਨੀ ਵੱਲੋਂ ਆਰ ਓਜ਼ ਤੇ ਏ ਆਰ ਓਜ਼ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ਉਨ੍ਹਾਂ ਦੀਆਂ ਚੋਣ ਅਮਲ ਪ੍ਰਤੀ ਜ਼ਿੰਮੇਂਵਾਰੀਆਂ ਤੋਂ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਨੂੰ ਚੋਣ ਅਮਲ ਲਈ 43 ਸੈਕਟਰਾਂ ’ਚ ਵੰਡ ਕੇ 43 ਰਿਟਰਨਿੰਗ ਅਫ਼ਸਰ ਅਤੇ 43 ਸਹਾਇਕ ਰਿਟਰਨਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ’ਚ ਔੜ ਬਲਾਕ ਲਈ 6, ਬਲਾਚੌਰ ਲਈ 12, ਬੰਗਾ ਲਈ 10, ਨਵਾਂਸ਼ਹਿਰ ਲਈ 9 ਅਤੇ ਸੜੋਆ ਲਈ 6 ਰਿਟਰਨਿੰਗ ਅਫ਼ਸਰ ਲਾਏ ਗਏ ਹਨ ਜੋ ਕਿ 466 ਪੰਚਾਇਤਾਂ ਦੇ ਚੋਣ ਅਮਲ ਲਈ ਐਲਾਨੇ ਜਾਣ ਵਾਲੇ ਚੋਣ ਪ੍ਰੋਗਰਾਮ ਦੇ ਮੱਦੇਨਜ਼ਰ ਨਾਮਜ਼ਦਗੀਆਂ ਪ੍ਰਾਪਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮੂਹ ਆਰ ਓਜ਼ ਤੇ ਏ ਆਰ ਓਜ਼ ਨੂੰ, ਉਨ੍ਹਾਂ ਨੂੰ ਸੌਂਪੀਆਂ ਗਈਆਂ ਹਦਾਇਤ ਪੁਸਤਕਾਂ ਨੂੰ ਅਗਲੇ ਹਫ਼ਤੇ ਰੱਖੀ ਗਈ ਮੀਟਿੰਗ ’ਚ ਪੂਰੀ ਤਰ੍ਹਾਂ ਪੜ੍ਹ ਕੇ ਆਉਣ ਅਤੇ ਚੋਣ ਅਮਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਆਉਣ ਲਈ ਆਖਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਇੰਦਰ ਸਿੰਘ ਬੈਂਸ ਨੇ ਇਸ ਮੌਕੇ ਆਖਿਆ ਕਿ ਇਨ੍ਹਾਂ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਬਲਾਕ ਪੱਧਰ ’ਤੇ ਬਣਾਏ ਜਾਣਗੇ। ਇਹ ਅਧਿਕਾਰੀ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ, ਪੜਤਾਲ ਕਰਨ, ਵਾਪਸੀ ਤੇ ਇਤਰਾਜਾਂ ਦਾ ਨਿਪਟਾਰਾ ਕਰਨ, ਚੋਣ ਨਿਸ਼ਾਨ ਅਲਾਟ ਕਰਨ, ਡੰਮੀ ਬੈਲਟ ਪੇਪਰ ਤਿਆਰ ਕਰਨ ਤੇ ਪਿ੍ਰੰਟ ਕਰਵਾਉਣ, ਚੋਣ ਪਾਰਟੀਆਂ ਨੂੰ ਬੈਲਟ ਪੇਪਰ ਵੰਡਣ ਅਤੇ ਚੋਣ ਉਪਰੰਤ ਨਤੀਜੇ ਲੈ ਕੇ ਤਿਆਰ ਕਰਕੇ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ ਲਈ ਜ਼ਿੰਮੇਂਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਸਬੰਧੀ ਰੋਜ਼ਾਨਾ ਰਿਪੋਰਟ ਆਰ ਓਜ਼, ਸਬ ਡਵੀਜ਼ਨਲ ਮੈਜਿਸਟ੍ਰੇਟਾਂ ਕਮ ਕੋਆਰਡੀਨੇਟਰ ਨੂੰ ਭੇਜਣ ਦੇ ਜ਼ਿੰਮੇਂਵਾਰ ਵੀ ਹੋਣਗੇ।
ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਸਮੂਹ ਆਰ ਓਜ਼ ਅਤੇ ਏ ਆਰ ਓਜ਼ ਨੂੰ ਚੋਣ ਅਮਲ ਹਦਾਇਤ ਪੁਸਤਿਕਾ ਦਾ ਗਹਿਨ ਅਧਿਐਨ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਚੋਣ ਅਮਲ ਨੇਪਰੇ ਚਾੜ੍ਹਨ ’ਚ ਅਸਾਨੀ ਰਹੇਗੀ।