ਤੇ ਲਾਹੌਰ 'ਚ ਮਿਲਿਆ ਸਾਨੂੰ ਫਲਾਇੰਗ ਹੌਰਸ ...
ਬਲਜੀਤ ਬੱਲੀ
ਲਾਹੌਰ, 6 ਦਸੰਬਰ 2018
ਸਾਡੀ ਲਾਹੌਰ ਫੇਰੀ ਦੀ ਪਹਿਲੇ ਦਿਨ ਦੀ ਇੱਕ ਨਵੇਕਲੀ ਪ੍ਰਾਪਤੀ ਹੋਈ . ਸਾਨੂੰ ਉੱਥੇ ਫਲਾਇੰਗ ਹੌਰਸ ਮਿਲ ਗਿਆ . ਉਹ ਫਲਾਇੰਗ ਹੌਰਸ ਜਿਸ ਦੀ ਚਰਚਾ 30- 35 ਸਾਲ ਪਹਿਲਾਂ ਸਿਖ਼ਰਾਂ ਤੇ ਸੀ . ਸੁਣਿਆ -ਪੜ੍ਹਿਆ ਤੇ ਦੂਰੋਂ ਦੇਖਿਆ ਸੀ ਪਰ ਮਿਲਿਆ ਕਦੇ ਨਹੀਂ ਸੀ .ਸਿਰਫ਼ ਮਿਲਿਆ ਹੀ ਨਹੀਂ , ਅਸੀਂ ਉਸ ਨਾਲ ਕੁਝ ਘੰਟੇ ਵੀ ਬਿਤਾਏ . ਕੱਠਿਆਂ ਡਿਨਰ ਵੀ ਕੀਤਾ . ਗੱਪ ਸ਼ੱਪ ਵੀ ਕੀਤੀ . ਪੁਰਾਣੀਆਂ ਯਾਦਾਂ ਵੀ ਤਾਜ਼ਾ ਕੀਤੀਆਂ . ਅਜੋਕੇ ਹਾਲਾਤ ਤੇ ਚੁੰਝ-ਚਰਚਾ ਵੀ ਕੀਤੀ .ਇਹ ਫਲਾਇੰਗ ਹੌਰਸ ਅਸਮਾਨ 'ਚ ਨਹੀਂ , ਸਗੋਂ ਖੇਡ-ਮੈਦਾਨ 'ਚ ਉਡਾਰੀਆਂ ਲਾਉਂਦਾ ਸੀ .
ਪਤੈ ਕੌਣ ?
ਪਾਕਿਸਤਾਨ ਦੀ ਹਾਕੀ ਟੀਮ ਦਾ ਸਾਬਕਾ ਲੈਫਟ ਵਿੰਗਰ ਹਾਕੀ ਕੈਪਟਨ -ਸਮੀਉੱਲਾ ਖ਼ਾਨ . ਪਾਕਿਸਤਾਨ ਦੀ ਉਸ ਹਾਕੀ ਟੀਮ ਦਾ ਜਿਸਨੇ 1982 ਦੀਆਂ ਏਸ਼ੀਅਨ ਖੇਡਾਂ 'ਚ ਇੰਡੀਆ ਨੂੰ 7-1 ਦੇ ਫ਼ਰਕ ਨਾਲ ਹਰਾਇਆ ਸੀ .ਉਨ੍ਹਾਂ ਦਿਨਾਂ 'ਚ ਹੋਣ ਵਾਲੇ ਫਸਵੇਂ ਇੰਡੋ-ਪਾਕ ਹਾਕੀ ਮੈਚਾਂ ਦੌਰਾਨ ਸੰਮੀ ਦੀ ਇੰਡੋ-ਪਾਕੀ ਰਫ਼ਤਾਰ ਖੇਡ ਕਰਕੇ ਉਸਦਾ ਨਾਂ ਫਲਾਇੰਗ ਹੌਰਸ ਪਈ ਗਿਆ ਸੀ .ਵੈਸੇ ਉਹ ਰਹਿੰਦਾ ਕਰਾਚੀ 'ਚ ਹੈ ਪਰ ਸਬੱਬ ਨਾਲ ਹੀ ਇਨ੍ਹੀਂ ਦਿਨੀਂ ਲਾਹੌਰ ਆਇਆ ਹੋਇਆ ਸੀ .
ਮੇਰੇ ਮੇਜ਼ਬਾਨ ਰਾਏ ਅਜ਼ੀਜ਼ ਉੱਲਾਹ ਦਾ ਉਹ ਗੂੜ੍ਹਾ ਦੋਸਤ ਹੈ - ਰਾਏ ਅਜ਼ੀਜ਼ ਵੀ ਹਾਕੀ ਲਈ ਬਹੁਤ ਸ਼ੁਦਾਈ ਰਹੇ ਨੇ . ਚਲਦੀ ਗੱਲ 'ਚ ਇਹ ਵੀ ਦੱਸਦਿਆਂ ਕਿ ਰਾਏ ਤੇ ਪ੍ਰਧਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਐਚੀਸਨ ਕਾਲਜ ਲਾਹੌਰ ਦੀ ਹਾਕੀ ਦੀ ਟੀਮ 'ਚ ਇਕੱਠੇ ਖੇਡਦੇ ਵੀ ਰਹੇ ਨੇ .
ਖ਼ੈਰ , ਅਸੀਂ ਲਾਹੌਰ ਆਲਮ ਰੋਡ ਦੇ ਮਸ਼ਹੂਰ ਰੈਸਟੋਰੈਂਟ ਵਿਲੇਜ 'ਚ ਡਿਨਰ ਤੇ ਮਿਲੇ . ਉਸ ਨੇ ਦਿੱਲੀ , ਚੰਡੀਗੜ੍ਹ ਤੇ ਭਾਰਤ ਦੇ ਹੋਰਨਾਂ ਹਿੱਸਿਆਂ , ਹਾਕੀ ਖਿਡਾਰੀਆਂ ਅਤੇ ਲੋਕਾਂ ਨਾਲ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ . ਪਿਛਲੇ ਸਮੇਂ 'ਚ ਦੋਵਾਂ ਮੁਲਕਾਂ ਵਿਚਕਾਰ ਪੈਦਾ ਹੋਈ ਕੁੜੱਤਣ , ਵਿਗੜੇ ਰਿਸ਼ਤਿਆਂ ਅਤੇ ਆਵਾਜਾਈ ਤੇ ਮੇਲ ਜੋਲ ਘਟ ਹੋਣ ਤੇ ਅਫ਼ਸੋਸ ਵੀ ਜ਼ਾਹਿਰ ਕੀਤਾ .ਪਰ ਇਮਰਾਨ ਖ਼ਾਨ ਦੀ ਹਕੂਮਤ ਵੱਲੋਂ ਰਿਸ਼ਤੇ ਸੁਖਾਵੇਂ ਕਰਨ ਅਤੇ ਕਰਤਾਰਪੁਰ ਲਾਂਘੇ ਲਈ ਕੀਤੀ ਪਹਿਲਕਦਮੀ ਤੇ ਖ਼ੁਸ਼ ਵੀ ਸੀ .
ਸਭ ਤੋਂ ਵੱਧ ਦੁਖੀ ਉਹ ਇਸ ਗੱਲ ਤੇ ਸੀ ਦੋਹਾਂ ਮੁਲਕਾਂ ਦੀਆਂ ਹੱਕੀ ਟੀਮਾਂ ਦੁਨੀਆ ਦੀਆਂ ਟੀਮਾਂ ਨਾਲੋਂ ਪਿੱਛੇ ਨੇ. ਸੰਮੀ ਦਾ ਕਹਿਣਾ ਸੀ ਕਿ ਇਸ ਦਾ ਇਕ ਇਲਾਜ ਹੈ ਦੋਹੇਂ ਟੀਮਾਂ ਆਪਸ ਚ ਲਗਾਤਾਰ ਮੈਚ ਖੇਡਣ . ਨਵਜੋਤ ਸਿੱਧੂ ਵੱਲੋਂ ਦੋਹਾਂ ਮੁਲਕਾਂ ਵਿਚਕਾਰ ਕ੍ਰਿਕਟ ਮੈਚ ਸ਼ੁਰੂ ਕਰਨ ਦੇ ਸੁਝਾ ਦੀ ਵੀ ਸੰਮੀ ਨੇ ਜ਼ੋਰਦਾਰ ਹਿਮਾਇਤ ਕੀਤੀ .
ਬਹਾਵਲਪੁਰ ਦਾ ਜੰਮਪਲ ਸਮੀ ਮੋਤੀ ਉੱਲਾਹ ਖ਼ਾਨ ਦਾ ਭਤੀਜਾ ਹੈ ਜੋ ਕਿ 1960 'ਚ ਰੋਮ ਚ ਗੋਲਡ ਮੈਡਲ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਮੈਂਬਰ ਸੀ .
ਤੇ ਹੁਣ ਦੇਖੋ ਵੀਡਿਓ , ਸੰਮੀ ਨੇ ਕੀ ਕਿਹਾ :
https://www.youtube.com/watch?v=Hba_67kUQH8