ਜਗਰੂਪ ਸਿੰਘ ਜਰਖੜ
ਲੁਧਿਆਣਾ, 6 ਦਸੰਬਰ 2018 - ਵਿਸ਼ਵ ਕੱਪ ਹਾਕੀ ਦੇ ਨੌਵੇਂ ਦਿਨ ਪੂਲ ਏ ਦੇ ਲੀਗ ਦੌਰ ਦੇ ਆਖਰੀ ਮੈਚਾਂ 'ਚ ਜਿਥੇ ਅੱਜ 28 ਸਾਲਾਂ ਬਾਅਦ ਖੇਡ ਰਹੀ ਫਰਾਂਸ ਦੀ ਟੀਮ ਨੇ ਓਲੰਪਿਕ ਚੈਂਪੀਅਨ ਨੂੰ 5-3 ਨਾਲ ਹਰਾ ਕੇ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਉਥੇ ਹੀ ਨਿਊਜ਼ੀਲੈਂਡ ਨੇ ਸਪੇਨ ਨੂੰ 2-2 ਗੋਲਾਂ ਦੀ ਬਰਾਬਰੀ 'ਤੇ ਰੋਕ ਕੇ ਸਪੇਨ ਨੂੰ ਟੂਰਨਾਮੈਂਟ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਪੂਲ ਏ ਦੀ ਅੰਤਿਮ ਸਥਿਤੀ 'ਚ ਅਰਜਨਟੀਨਾ 6 ਅੰਕਾਂ ਨਾਲ ਮੋਹਰੀ ਰਿਹਾ। ਅਰਜਨਟੀਨਾ ਨੇ 2 ਜਿੱਤਾਂ ਤੇ ਇੱਕ ਹਾਰ ਨਾਲ ਆਖਰੀ ਅੱਠਾਂ 'ਚ ਆਪਣੀ ਜਿੱਤ ਪੱਕੀ ਕੀਤੀ। ਜਦਕਿ ਫਰਾਂਸ ਤੇ ਨਿਊਜ਼ੀਲੈਂਡ ਪੂਲ ਏ 'ਚ 4-4 ਅੰਕਾਂ ਨਾਲ ਕ੍ਰਮਵਾਰ ਦੂਜੇ ਤੇ ਤੀਸਰੇ ਸਥਾਨ 'ਤੇ ਰਹੇ। ਸਪੇਨ ਦੀ ਟੀਮ ਨੂੰ ਸਿਰਫ਼ 2 ਅੰਕ ਹੀ ਨਸੀਬ ਹੋੇ ਜਿਸ ਕਰਕੇ ਵਿਸ਼ਵ ਕੱਪ ਜਿੱਤਣ ਦਾ ਸਪੇਨ ਦਾ ਸੁਪਨਾ ਚਕਨਾਚੂਰ ਹੋ ਗਿਆ।
ਅੱਜ ਖੇਡਿਆ ਗਿਆ ਪਹਿਲਾ ਮੁਕਾਬਲਾ ਸਪੇਨ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ 2-2 ਗੋਲਾਂ 'ਤੇ ਬਰਾਬਰ ਰਿਹਾ। ਪਹਿਲੇ ਅੱਧ ਤੱਕ ਸਪੇਨ 2-0 ਗੋਲਾਂ ਨਾਲ ਅੱਗੇ ਚੱਲ ਰਿਹਾ ਸੀ। ਪਰ ਉਸ ਵਕਤ ਇਹ ਲੱਗ ਰਿਹਾ ਸੀ ਕਿ ਸਪੇਨ ਸੌਖਾ ਹੀ ਜੇਤੂ ਮੁਕਾਮ ਹਾਸਲ ਕਰਕੇ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ ਪਹੁੰਚ ਜਾਵੇਗਾ। ਪਰ ਕੀਵੀਆਂ ਨੇ ਆਖਰੀ ਕੁਆਟਰ 'ਚ ਆਪਣੀ ਪੂਰੀ ਤਾਕਤ ਝੋਕ ਕੇ ਨਾ ਸਿਰਫ ਮੈਚ 'ਚ 2-2 ਦੀ ਬਰਾਬਰੀ ਕਾਇਮ ਕੀਤੀ ਸਗੋਂ ਅਗਲੇ ਗੇੜ ਵਿਚ ਵੀ ਆਪਣਾ ਦਾਖਲਾ ਨਿਸਚਿਤ ਕਰ ਲਿਆ।
ਅੱਜ ਦੇ ਦੂਜੇ ਮੈਚ 'ਚ ਫਰਾਂਸ ਨੇ ਅਰਜਨਟੀਨਾ ਨੂੰ ਮਧੋਲ ਕੇ ਰੱਖ ਦਿੱਤਾ। ਫਰਾਂਸ ਅਰਜਨਟੀਨਾ ਤੋਂ 5-2 ਨਾਲ ਜੇਤੂ ਰਹੀ। ਅੱਧੇ ਸਮੇਂ ਤੱਕ ਫਰਾਂਸ 4-1 ਨਾਲ ਅੱਗੇ ਸੀ। ਮੈਚ ਦਾ ਪਹਿਲਾ ਕੁਆਟਰ ਗੋਲ ਰਹਿਤ ਬਰਾਬਰੀ 'ਤੇ ਚੱਲ ਰਿਹਾ ਸੀ। ਦੂਸਰੇ ਕੁਆਟਰ 'ਚ ਫਰਾਂਸ ਨੇ ਉਪਰੋਥਲੀ 3 ਗੋਲ ਕਰਕੇ ਅਰਜਨਟੀਨਾ ਦੇ ਖੇਮੇ 'ਚ ਖਲਬਲੀ ਮਚਾ ਦਿੱਤੀ। 28ਵੇਂ ਮਿੰਟ 'ਚ ਭਾਵੇਂ ਅਰਜਨਟੀਨਾ ਦੇ ਖਿਡਾਰੀ 1 ਗੋਲ ਲਾਹੁਣ 'ਚ ਕਾਮਯਾਬ ਰਹੇ, ਪਰ ਅਗਲੇ ਪਲ ਹੀ ਫਰਾਂਸ ਨੇ ਬਹੁਤ ਹੀ ਕਲਾਸੀਕਲ ਗੋਲ ਕਰਕੇ ਸਕੋਰ 4-1 ਕਰ ਦਿੱਤਾ। ਤੀਸਰੇ ਕੁਆਟਰ ਵਿਚ ਦੋਵੇਂ ਟੀਮਾਂ ਥੋੜ੍ਹਾ ਜਿਹਾ ਢਿੱਲੀਆਂ ਰਹੀਆਂ। ਉਸ ਤੋਂ ਬਾਅਦ ਅਰਜਨਟੀਨਾ ਨੇ ਮੈਚ 'ਚ ਬਰਾਬਰੀ 'ਤੇ ਆਉਣ ਲਈ ਆਪਣਾ ਪੂਰਾ ਪਸੀਨਾ ਵਹਾਇਆ। ਭਾਵੇਂ ਅਰਜਨਟੀਨਾ ਦੇ ਪੈਨਾਲਟੀ ਕਾਰਨਰ ਮਾਹਿਰ ਗਜੈਲੋ ਨੇ ਪਨਲਟੀ ਕਾਰਨ ਜ਼ਰੀਏ 2 ਗੋਲ ਕਰਕੇ ਅਤੇ ਸਕੋਰ 5-3 ਨਾਲ ਬਰਾਬਰੀ 'ਤੇ ਆਉਣ ਦੀਆਂ ਸੰਭਾਵਨਾਵਾਂ ਕਾਇਮ ਕੀਤੀਆਂ। ਪਰ ਆਖ਼ਰੀ ਪਲਾਂ 'ਚ ਫਰਾਂਸ ਦੇ ਹੁਗ ਗਿਨਸਟਿਟ ਨੇ ਖੂਬਸੂਰਤ ਗੋਲ ਕਰਕੇ ਫਰਾਂਸ ਨੂੰ 5-3 ਦੀ ਬੜ੍ਹਤ ਦਵਾ ਦਿੱਤੀ ਜੋ ਅੰਤ ਤੱਕ ਕਾਇਮ ਰਹੀ। ਮੈਚ ਦੇ ਆਖ਼ਰੀ ਪਲਾਂ 'ਚ ਓਲੰਪੀਅਨ ਚੈਨਪੀਅਨ ਅਰਜਨਟੀਨਾ ਨੂੰ ਪਨਲਟੀ ਕਾਰਨਰ ਮਿਲਿਆ, ਉਹ ਵੀ ਵਿਅਰਥ ਗਿਆ। ਫਰਾਂਸ ਦਾ ਹੁਗ ਗਿਨਸਟਿਟ ਮੈਨ ਆਫ ਦਾ ਮੈਚ ਬਣਿਆ। ਫਰਾਂਸ ਦੀ ਇਹ ਜਿੱਤ ਇੱਕ ਅਸਮਾਨ ਤੋਂ ਤਾਰਾ ਤੋੜਨ ਵਾਲੇ ਕ੍ਰਿਸ਼ਮੇ ਵਰਗੀ ਹੈ, ਜਿਸ ਨੇ ਕਈ ਹਾਕੀ ਪੰਡਤਾਂ ਦੀਆਂ ਕਿਆਸਰਾਈਆਂ ਵੀ ਫੇਲ੍ਹ ਕਰ ਦਿੱਤੀਆਂ। ਫਰਾਂਸ ਦੀ ਇਸ ਜਿੱਤ ਦਾ ਖਾਮਿਆਜਾ ਸਪੇਨ ਨੂੰ ਟੂਰਨਾਮੈਂਟ 'ਚੋਂ ਬਾਹਰ ਹੋਣ ਦਾ ਭੁਗਤਣਾ ਪਿਆ।
ਅੱਜ ਦੇ ਮੈਚਾਂ ਦੌਰਾਨ ਸਾਬਕਾ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਵਿਸ਼ਵ ਕੱਪ ਦੇਖਣ ਲਈ ਉਚੇਚੇ ਤੌਰ 'ਤੇ ਪਰਿਵਾਰ ਸਮੇਤ ਪੁੱਜੇ ਹੋਏ ਸਨ। ਭਲਕੇ ਪੂਲ ਬੀ ਦੇ ਲੀਗ ਦੇ ਆਖਰੀ ਗੇੜ ਦੇ ਦੋ ਮੈਚ ਖੇਡੇ ਜਾਣਗੇ। ਜਿੰਨ੍ਹਾਂ 'ਚ ਸ਼ਾਮ 5 ਵਜੇ ਇੰਗਲੈਂਡ ਬਨਾਮ ਆਇਰਲੈਂਡ ਅਤੇ ਸ਼ਾਮ 7 ਵਜੇ ਚੀਨ ਬਨਾਮ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਹੋਵੇਗਾ। ਸਟਾਰ ਸਪੋਰਟਸ-1 ਟੀਵੀ ਚੈਨਲ ਤੋਂ ਇਹਨਾਂ ਮੈਚਾਂ ਦਾ ਸਿੱਧਾ ਪ੍ਰਸਾਰਣ ਹੋਵੇਗਾ।