ਦਲਜੀਤ ਚੀਮਾ ਤੇ ਪੀਟੀਸੀ ਦੇ ਐਮਡੀ ਰਵਿੰਦਰ ਨਰਾਇਣ ਦਾ ਵੀ ਨਾਮ
ਜੈਜੀਤ ਜੌਹਲ ਨੇ ਅਪਰਾਧਿਕ ਕੇਸ ਅਦਾਲਤ ’ਚ ਕੀਤਾ ਦਾਇਰ
ਬਠਿੰਡਾ, 6 ਦਸੰਬਰ (ਅਮ੍ਰਿਤਪਾਲ ਬਰਾੜ)
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਜੌਹਲ ਖਿਲਾਫ਼ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਉਣ ਵਾਲੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਤੇ ਪੀਟੀਸੀ ਨਿਊਜ ਦੇ ਐਮਡੀ ਰਵਿੰਦਰਾ ਨਰਾਇਣ ਖਿਲਾਫ਼ ਅੱਜ ਬਠਿੰਡਾ ਦੀ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ।
ਉਨ੍ਹਾਂ ਆਪਣੇ ਵਕੀਲ ਰਾਹੀ ਜ਼ੁਡੀਸ਼ੀਅਲ ਮੈਜਿਸਟ੍ਰੇਟ ਵਿਜੇ ਡੱਡਵਾਲ ਦੀ ਅਦਾਲਤ ਵਿਚ ਉਕਤ ਆਗੂਆਂ ਖਿਲਾਫ਼ ਕਰੀਮੀਨਲ ਕੇਸ ਦਾਇਰ ਕਰ ਦਿੱਤਾ ਹੈ। ਉਨ੍ਹਾਂ ਇਹ ਕੇਸ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਵੱਲੋਂ ਜੈਜੀਤ ਜੌਹਲ ’ਤੇ ਜੋ ਜੋ ਟੈਕਸ ਵਸੂਲਣ ਜਿਹੇ ਝੂਠੇ ਦੋਸ਼ ਲਾਉਣ ਖਿਲਾਫ਼ ਕੀਤਾ ਗਿਆ ਹੈ ਜਦੋਂ ਕਿ ਉਕਤ ਆਗੂਆਂ ਕੋਲ ਇਸਦਾ ਕੋਈ ਸਬੂਤ ਨਹੀਂ ਹੈ।
ਜੈਜੀਤ ਜੌਹਲ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਇਕ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਲਈ ਬਿਨ੍ਹਾਂ ਸਿਰ ਪੈਰ ਅਜਿਹੇ ਦੋਸ਼ ਲਾਏ ਜੋ ਇਕ ਜਿੰਮੇਵਾਰ ਲੀਡਰ ਨੂੰ ਨਹੀਂ ਲਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਅਜਿਹੀ ਝੂਠੀ ਬਿਆਨ ਬਾਜੀ ਕੀਤੀ ਜਿਸ ਤੋਂ ਬਾਅਦ ਜਵਾਬ ਦੇਣ ਲਈ ਉਕਤ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਅੱਜ ਅਕਾਲੀ ਆਗੂਆਂ ਖਿਲਾਫ਼ ਉਨ੍ਹਾਂ ਅੱਜ ਅਦਾਲਤ ਵਿਚ ਧਾਰਾ 499,500,501 ਤੇ 34 ਆਈਪੀਸੀ ਤਹਿਤ ਕੇਸ ਦਾਇਰ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 10 ਕਰੋੜ ਦੇ ਹਰਜਾਨੇ ਦਾ ਕੇਸ ਵੀ ਜਲਦੀ ਹੀ ਕੀਤਾ ਜਾਵੇਗਾ ਜਿਸਦੀ ਫਾਇਲ ਤਿਆਰ ਕਰਵਾ ਲਈ ਗਈ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ, ਕੇਕੇ ਅਗਰਵਾਲ, ਜਗਰੂਪ ਸਿੰਘ ਗਿੱਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਐਡਵੋਕੇਟ ਰਾਜਨ ਗਰਗ, ਐਡਵੋਕੇਟ ਸੰਦੀਪ ਬਾਘਲਾ, ਰਤਨ ਰਾਹੀ ਤੇ ਨੱਥੂ ਰਾਮ ,ਚਮਕੌਰ ਮਾਨ ਹਾਜ਼ਰ ਸਨ।