← ਪਿਛੇ ਪਰਤੋ
ਪਟਿਆਲਾ 07 ਦਸੰਬਰ 2018 (ਜੀ ਐਸ ਪੰਨੂ) ਅੰਤਰਰਾਸ਼ਟਰੀ ਵਿਕਲਾਂਗ ਦਿਵਸ ਦੇ ਮੌਕੇ ਤੇ ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ ਐਮ. ਵੈਂਕਈਆ ਨਾਇਡੂ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਮਾਜ ਵਿਗਿਆਨ ਵਿਭਾਗ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਕਿਰਨ ਕੁਮਾਰੀ ਨੂੰ 'ਰੋਲ ਆਫ ਮਾਡਲ' ਐਵਾਰਡ ਨਾਲ ਸਨਮਾਨਤ ਕੀਤਾ ਗਿਆ ਅਤੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਵਧਾਈ ਦਿੱਤੀ। ਡਾ. ਘੁੰਮਣ ਨੇ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰਨਾਂ ਲਈ ਵੀ ਇਕ ਪ੍ਰੇਰਣਾ ਸ਼ਰੋਤ ਬਣੇਗੀ। ਜਿ਼ਕਰਯੋਗ ਹੈ ਕਿ ਡਾ. ਕਿਰਨ ਕੁਮਾਰੀ ਨੇਤਰਹੀਣ ਹੋਣ ਦੇ ਬਾਵਜੂਦ ਆਪਣੀ ਸਖਤ ਮਿਹਨਤ ਦੇ ਬਲਬੂਤੇ ਯੂਨੀਵਰਸਿਟੀ ਦੇ ਇਸ ਵਿਭਾਗ ਵਿਖੇ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਖੋਜ਼ ਦੇ ਖੇਤਰ ਵਿਚ ਉਨ੍ਹਾਂ ਦੇ ਅੰਤਰਗਤ ਹੁਣ ਤਕ ਇਕ ਵਿਦਿਆਰਥੀ ਵੱਲੋਂ ਆਪਣੀ ਪੀ-ਐੱਚ. ਡੀ. ਸੰਪੰਨ ਕਰ ਲਈ ਗਈ ਹੈ ਜਦੋਂ ਕਿ ਪੰਜ ਹੋਰ ਵਿਦਿਆਰਥੀ ਪੀ-ਐੱਚ.ਡੀ. ਅਤੇ ਸੱਤ ਵਿਦਿਆਰਥੀ ਐਮ.ਫਿਲ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਪਿਛਲੇ ਸਾਲ ਤਿੰਨ ਦਸੰਬਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਆ ਜਾ ਚੁੱਕਾ ਹੈ। ਇਸ ਪ੍ਰਾਪਤੀ ਤੋਂ ਇਲਾਵਾ ਡਾ. ਕਿਰਨ ਇਸ ਸਮੇਂ ਪੰਜਾਬ ਸੂਬੇ ਦੇ ਵਿਕਲਾਂਗ ਬੋਰਡ ਦੇ ਸਲਾਹਕਾਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
Total Responses : 930