ਕੈਪਟਨ ਦੀ ਬਾਦਲਾਂ ਨੂੰ ਖੁਲੇਆਮ ਗਲਤੀਆਂ ਕਬੂਲਣ ਦੀ ਚੁਣੌਤੀ
ਚੰਡੀਗੜ੍ਹ, 9 ਦਸੰਬਰ 2018 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਧਰਮ ਦੇ ਨਾਂ 'ਤੇ ਸਿਆਸੀ ਡਰਾਮਾ ਕਰਨ ਲਈ ਮਜ਼ਾਕ ਉਡਾਇਆ ਹੈ ਅਤੇ ਆਪਣੇ ਪਿਛਲੇ 10 ਸਾਲ ਦੇ ਕੁਸ਼ਾਸਨ ਦੌਰਾਨ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਲਈ ਚੁਣੌਤੀ ਦਿੱਤੀ ਹੈ।
ਮੁੱਖ ਮੰਤਰੀ ਨੇ ਬਾਦਲ ਪਰਿਵਾਰ ਅਤੇ ਹੋਰਾਂ ਆਗੂਆਂ ਤੇ ਵਿਧਾਇਕਾਂ ਵੱਲੋਂ ਜਨਤਕ ਹਿਮਾਇਤ ਹਾਸਲ ਕਰਨ ਵਾਸਤੇ ਧਰਮ ਦੀ ਦੁਰਵਰਤੋਂ ਕਰਨ ਲਈ ਤਿੱਖੀ ਆਲੋਚਨਾ ਕੀਤੀ ਹੈ ਕਿਉਂਕਿ ਅਕਾਲੀ ਦਲ ਪਿਛਲੇ ਦੋ ਸਾਲਾਂ ਦੌਰਾਨ ਆਪਣਾ ਜਨਤਕ ਸਮਰਥਨ ਪੂਰੀ ਤਰ੍ਹਾਂ ਗਵਾ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕਰਨ ਵਿੱਚ ਅਸਫਲ ਰਹਿਣ 'ਤੇ ਦੁੱਖ ਪ੍ਰਗਟ ਕੀਤਾ ਹੈ ਜਦੋਂ ਕਿ ਉਹ ਮੁਆਫ਼ੀ ਦੇ ਲਈ ਅਕਾਲ ਤਖ਼ਤ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਬਾਦਲ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਹੜੀਆਂ ਗਲਤੀਆਂ ਕੀਤੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰਸ਼ਿਪ ਦੀ ਆਪਣੇ ਸਿਆਸੀ ਹਿੱਤਾਂ ਦੇ ਵਾਸਤੇ ਧਰਮ ਦੀ ਓਟ ਲੈਣ ਲਈ ਤਿੱਖੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਫ ਹੈ ਕਿ ਬਾਦਲਾਂ ਦੀ ਨਜ਼ਰ ਆਉਂਦੀਆਂ ਲੋਕ ਸਭਾ ਚੋਣਾਂ 'ਤੇ ਹੈ ਅਤੇ ਇਸ ਮਕਸਦ ਲਈ ਮੁਆਫ਼ੀ ਦਾ ਡਰਾਮਾ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਉਹ ਆਪਣੀ ਮੁਆਫੀ ਪ੍ਰਤੀ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਆਪਣੇ ਕੀਤੇ ਕੁਕਰਮਾਂ ਨੂੰ ਪ੍ਰਵਾਨ ਕਰਨ ਲਈ ਹੌਸਲਾ ਦਿਖਾਉਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਹ ਪੰਜਾਬ ਦੇ ਲੋਕਾਂ ਪ੍ਰਤੀ ਰੱਤੀ ਭਰ ਵੀ ਸੰਜੀਦਾ ਹਨ ਤਾਂ ਉਹ ਖੁੱਲ੍ਹੇ ਰੂਪ ਵਿੱਚ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕਰਨ।
RaveenMediaAdvPunCM @RT_MediaAdvPbCM
.@capt_amarinder challenges @officeofssbadal & other @Akali_Dal_ leaders to publicly admit to their mistakes instead of just indulging in political gimmickry in name of religion by seeking Akal Takht pardon.