ਬਰਗਾੜੀ, 9 ਦਸੰਬਰ 2018 - ਪਿਛਲੇ 192 ਦਿਨਾਂ ਤੋਂ ਬਰਗਾੜੀ 'ਚ ਲੱਗਾ ਧਰਨੇ ਦਾ ਅੱਜ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕਾਂਗਰਸੀ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਪਹਿਲਾ ਪੜਾਅ ਖਤਮ ਕਰਨ ਦਾ ਐਲਾਨ ਕੀਤਾ ਹੈ ਨਾ ਕਿ ਮੋਰਚੇ ਨੂੰ ਖਤਮ ਕਰਨ ਦਾ ਐਲਾਨ ਕੀਤਾ । ਮੰਡ ਨੇ ਕਿਹਾ ਕਿ ਇਸ ਬਾਰੇ ਨਵੀਂ ਰੂਪ ਰੇਖਾ ਦਾ ਐਲਾਨ 11 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੋਏਗਾ। ਉਨ੍ਹਾਂ ਕਿਹਾ ਕਿ ਭਲਕੇ ਸੰਗਤਾਂ ਬਰਗਾੜੀ ਪਹੁੰਚਣ। ਇਥੋਂ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਰਵਾਨਾ ਹੋਇਆ ਜਾਏਗਾ। ਮੱਥਾ ਟੇਕਣ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ।
ਦੱਸ ਦਈਏ ਕਿ ਅੱਜ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਮੰਤਰੀਆਂ ਦਾ ਵਫਦ ਬਰਗਾੜੀ ਮੋਰਚੇ ਵਿੱਚ ਪਹੁੰਚਿਆ ਸੀ ਜਿਥੇ ਉਨ੍ਹਾਂ ਵੱਲੋਂ ਸੰਗਤ ਨੂੰ ਭਰੋਸਾ ਦੁਆਇਆ ਕਿ ਸਿੱਖ ਸੰਗਤ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੰਬੋਧਨ ਕਰਨ ਲੱਗੇ ਤਾਂ ਸੰਗਤ ਨੇ ਵਿਰੋਧ ਕਰਨ ਸ਼ੁਰੂ ਕਰ ਦਿੱਤਾ। ਸੰਗਤਾਂ ਪੰਡਾਲ ਤੋਂ ਬਾਹਰ ਜਾਣ ਲੱਗੀਆਂ। ਪੰਡਾਲ ਵਿਚੋਂ ਬਾਦਲਾਂ ਦੀ ਗ੍ਰਿਫਤਾਰੀ ਦੀਆਂ ਆਵਾਜ਼ਾਂ ਆ ਰਹੀਆਂ ਸਨ। ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਇਸ ਮੋਰਚੇ ਦਾ ਪਹਿਲਾ ਪੜਾਅ ਸਮਾਪਤ ਕਰ ਦਿੱਤਾ ਗਿਆ ਹੈ ਸੰਘਰਸ਼ ਜਾਰੀ ਰਹੇਗਾ। ਮੋਰਚੇ ਦੇ ਲੀਡਰ ਹੁਣ ਇਸ ਸੰਘਰਸ਼ ਨੂੰ ਹੋਰ ਰੂਪ ਦੇਣਾ ਚਾਹੁੰਦੇ ਹਨ। ਜਥੇਦਾਰ ਮੰਡ ਨੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ। ਇਸ ਬਾਰੇ ਐਲਾਨ 11 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੋਵੇਗਾ।