ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਜਾਣਕਾਰੀ ਜਾਰੀ ਕਰਦੇ ਹੋਏ ਮੀਤ ਪ੍ਰਧਾਨ ਪੰਜਾਬ ਕਾਮਰੇਡ ਗਰਨਾਮ ਸਿੰਘ ਅਤੇ ਸਾਥੀ
ਜਗਦੀਸ਼ ਥਿੰਦ
ਗੁਰੂ ਹਰਸਹਾੲੇ /ਫ਼ਿਰੋਜ਼ਪੁਰ 10 ਦਸੰਬਰ ਪ੍ਰਦੂਸ਼ਣ ਦੇ ਨਾਮ ਤੇ ਪੰਜਾਬ ਦੇ ਇੱਟ ਭੱਠਿਆਂ ਨੂੰ ਬੰਦ ਕਰਨ ਕਾਰਨ ਬੇਰੁਜ਼ਗਾਰ ਹੋ ਗਏ ਮਜ਼ਦੂਰਾਂ ਦੇ ਰੋਹ ਦਾ ਲਾਵਾ ਆਖਰ ਫੁੱਟਣ ਲੱਗਿਆ ਹੈ । 10 ਦਸੰਬਰ ਦੇ ਦਿਨ ਪੰਜਾਬ ਭੱਠਾ ਵਰਕਸ ਯੂਨੀਅਨ , ਸੀ ਪੀ ਆਈ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਜਿੱਥੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀਂ ਪੰਜਾਬ ਦੇ ਕੁੱਲ ਭੱਟੇ ਸ਼ੁਰੂ ਕਰਨ ਲਈ ਮੰਗ ਪੱਤਰ ਦਿੱਤਾ ਜਾਵੇਗਾ , ਉਥੇ ਡੀ ਸੀ ਦਫ਼ਤਰ ਦੇ ਸਾਹਮਣੇ ਭੱਠਾ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੇ ਪੁਤਲਿਆਂ ਰੂਪੀ ਰਾਵਣ ਨੂੰ ਵੀ ਫੂਕਿਆ ਜਾਵੇਗਾ । ਭੱਠਾ ਵਰਕਰਜ਼ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਅਨੁਸਾਰ ਭੱਠਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਮੱਕੜ , ਵਾਈਸ ਚੇਅਰਮੈਨ ਦਵਿੰਦਰ ਰਾਜਦੇਵ , ਫ਼ਿਰੋਜ਼ਪੁਰ ਪ੍ਰਧਾਨ ਰਾਕੇਸ਼ ਕੁਮਾਰ ਅਤੇ ਬੱਬਲੀ ਦੇ ਪੁਤਲੇ ਫੂਕਕੇ ਇਨ੍ਹਾਂ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ । ਮਜ਼ਦੂਰ ਆਗੂਆਂ ਨੇ ਕਿਹਾ ਕਿ ਕਿੰਨੀ ਦੁਖਦਾਈ ਗੱਲ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਭੱਟਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਖੁਦ ਹਲਫੀਆ ਬਿਆਨ ਦੇ ਕੇ ਕਿਹਾ ਕਿ ਉਹ ਸਰਦੀਆਂ ਦੇ ਚਾਰ ਮਹੀਨੇ ਆਪਣੇ ਭੱਠੇ ਬੰਦ ਰੱਖਣ ਲੲੀ ਤਿਆਰ ਹਨ । ਉਨ੍ਹਾਂ ਕਿਹਾ ਕਿ ਇਹ ਲੋਕ ਜਿੱਥੇ ਮਜਦੂਰਾਂ ਨੂੰ ਪਾਈ -- ਪਾਈ ਦੇ ਮੁਥਾਜ ਕਰਨ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਉਥੇ ਇਹ ਇੱਟਾਂ ਦੀ ਬਲੈਕ ਕਰ ਕੇ ਆਪਣੀਆਂ ਤਿਜੋਰੀਆਂ ਭਰਨ ਲੱਗੇ ਹੋਏ ਹਨ । ਮਜ਼ਦੂਰ ਆਗੂਆਂ ਨੇ ਕਿਹਾ ਕਿ ਹੁਣ ਪੰਜਾਬ ਦੇ ਲੱਖਾਂ ਮਜ਼ਦੂਰ ਇਹ ਸਭ ਸਹਿਣ ਨਹੀਂ ਕਰਨਗੇ । ਡਿਪਟੀ ਕਮਿਸ਼ਨਰਾਂ , ਵਿਧਾਇਕਾਂ ਅਤੇ ਮੰਤਰੀਆਂ ਰਾਹੀਂ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਤੋਂ ਇਲਾਵਾ ਧਰਨੇ ਮੁਜਾਹਰੇ ਅਤੇ ਪੁਤਲੇ ਫ਼ੂਕ ਕੇ ਇੱਟ ਮਾਫੀਆ , ਜਿਲ੍ਹਾ ਪੱਧਰ ਦੇ ਅਧਿਕਾਰੀ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਤੇ ਕਾਬਜ਼ ਕਾਲੀਆਂ ਭੇਡਾਂ ਦੇ ਗਠਜੋੜ ਨੂੰ ਜਨਤਾ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ । ਇਸ ਮੌਕੇ ਕਾਮਰੇਡ ਨਾਜਰ ਸਿੰਘ , ਜ਼ਿਲ੍ਹਾ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ , ਜ਼ਿਲ੍ਹਾ ਸਕੱਤਰ ਕਾਮਰੇਡ ਜਰਨੈਲ ਸਿੰਘ , ਜ਼ਿਲ੍ਹਾ ਕੈਸ਼ੀਅਰ ਕਾਮਰੇਡ ਕਾਲਾ ਸਿੰਘ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ । ਸੋਮਵਾਰ ਨੂੰ ਹੋ ਰਹੀ ਕਾਰਵਾਈ ਮੌਕੇ ਕਾਮਰੇਡ ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਸੀ ਪੀ ਆਈ , ਕਾਮਰੇਡ ਭਗਵਾਨ ਦਾਸ ਸੂਬਾ ਕੌਂਸਲ ਮੈਂਬਰ ਸੀ ਪੀ ਆਈ , ਕਾਮਰੇਡ ਚਰਨਜੀਤ ਸਿੰਘ ਛਾਂਗਾ ਸੂਬਾ ਕੌਂਸਲ ਮੈਂਬਰ ਸੀ ਪੀ ਆਈ , ਕਾਮਰੇਡ ਢੋਲਾ ਮਾਹੀ ਬਲਾਕ ਸਕੱਤਰ ਗੁਰੂ ਹਰਸਹਾਏ ਸੀ ਪੀ ਆਈ , ਕਾਮਰੇਡ ਹਰੀ ਚੰਦ ਸੂਬਾ ਕੌਂਸਲ ਮੈਂਬਰ ਸੀ ਪੀ ਆਈ ਤੋਂ ਇਲਾਵਾ ਹੋਰ ਵੀ ਸੂਬਾ ਪੱਧਰ ਦੇ ਆਗੂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ । ਇਸ ਸਬੰਧੀ ਪੱਖ ਜਾਨਣ ਲਈ ਜਥੇਬੰਦੀ ਦੇ ਪ੍ਰਧਾਨ ਕੁਲਦੀਪ ਸਿੰਘ ਮੱਕੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ