ਅੰਮ੍ਰਿਤਸਰ, 10 ਦਸੰਬਰ 2018 - ਅਕਾਲੀ ਦਲ ਬਾਦਲ ਵੱਲੋਂ ਆਪਣੀ ਸੱਤਾ ਦੌਰਾਨ ਜਾਣੇ-ਅਣਜਾਣੇ 'ਚ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਉਹ ਮੰਗਣ ਨੂੰ ਤਿਆਰ ਹਨ। ਸ. ਬਾਦਲ ਨੇ ਕਿਹਾ ਕਿ ਉਹ ਪੱਤਰਕਾਰਾਂ ਨੂੰ ਵੀ ਕਹਿ ਰਹੇ ਹਨ ਕਿ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਮਾਫ ਕਰ ਦੇਣ।
ਬਾਦਲ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੌਰਾਨ ਹੋਈਆਂ ਭੁੱਲਾਂ ਬਖਸ਼ਾਉਣ ਆਏ ਸਨ। ਪੱਤਰਕਾਰਾਂ ਵੱਲੋਂ ਬਾਦਲ ਨੂੰ ਜਦੋਂ ਭੁੱਲਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਜਵਾਬ ਦਿੱਤਾ ਕਿ ਉਹ ਭੁੱਲਾਂ ਕੋਈ ਵੀ ਸੀ, ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਨੂੰ ਪ੍ਰਮਾਤਮਾ ਦੇ ਘਰ ਬਖਸ਼ਾਉਣ ਆਏ ਸਨ। ਉਨਾਂ ਕਿਹਾ ਕਿ ਉਹ ਇਸ ਧਾਰਮਿਕ ਸਥਾਨ 'ਤੇ ਆਏ ਹਨ ਅਤੇ ਇੱਥੇ ਕੋਈ ਵੀ ਰਾਜਨੀਤਕ ਗੱਲ ਨਹੀਂ ਕਰਨਾ ਚਾਹੁੰਦੇ।
ਜ਼ਿਕਰਯੋਗ ਹੈ ਕਿ ਭੋਗ ਪੈਣ ਉਪਰੰਤ ਮੀਡੀਆ ਸਾਹਮਣੇ ਸੁਖਬੀਰ ਸਿੰਘ ਬਾਦਲ ਖੁਦ ਨਹੀਂ ਆਏ। ਉਨ੍ਹਾਂ ਦੀ ਜਗ੍ਹਾ ਸ. ਪ੍ਰਕਾਸ਼ ਸਿੰਘ ਬਾਦਲ ਹੀ ਮੀਡੀਆ ਨੂੰ ਸੰਬੋਧਨ ਕਰਦੇ ਨਜ਼ਰ ਆਏ। ਮੀਡੀਆ ਨੇ ਸੁਖਬੀਰ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਮੀਡੀਆ ਨਾਲੋਂ ਪਾਸਾ ਵੱਟਿਆ ਗਿਆ।