ਐੱਸ.ਏ.ਐੱਸ. ਨਗਰ 10 ਦਸੰਬਰ 2018: ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲਾਂ ਦੀ ਕਾਇਆ ਕਲਪ ਕਰਦੇ ਹੋਏ ਅਧਿਆਪਕਾਂ ਵੱਲੋਂ ਕੀਤੇ ਸਮੁਦਾਇ ਦੀ ਸਹਾਇਤਾ ਨਾਲ ਸਮਾਰਟ ਤੇ ਸੋਹਣੇ ਸਕੂਲ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ| ਇਹਨਾਂ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਤੇ ਸਿੱਖਿਆ ਦੀ ਗੁਣਵੱਤਾ ਨੂੰ ਸੁਧਾਰਨ ਲਈ ਬਹੁਤੇ ਸਕੂਲਾਂ ਨੇ ਪਿਛਲੇ ਕੁਝ ਮਹੀਨਿਆਂ 'ਚ ਸ਼ਲਾਘਾਯੋਗ ਕੰਮ ਕੀਤਾ ਹੈ| ਇਹਨਾਂ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਸਮੂਹ ਪੰਜਾਬ ਦੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ ਦੇ ਨਾਲ ਐਜੂਸੈੱਟ ਰਾਹੀਂ 11 ਦਸੰਬਰ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਮੀਟਿੰਗ ਕਰਨਗੇ|
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤੇ ਐਲੀਮੈਂਟਰੀ ਸਿੱਖਿਆ, ਸਮੂਹ ਸਕੂਲ ਮੁਖੀ ਮਿਡਲ, ਹਾਈ ਤੇ ਸੈਕੰਡਰੀ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਮੂਹ ਸੈਂਟਰ ਹੈੱਡ ਟੀਚਰ, ਸਾਰੇ ਵਿਸ਼ਿਆਂ ਦੇ ਜ਼ਿਲ੍ਹਾ ਤੇ ਬਲਾਕ ਮੈਂਟਰ, ਜ਼ਿਲ੍ਹਾ ਕੋਆਰਡੀਨੇਟਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ', ਬਲਾਕ ਮਾਸਟਰ ਟਰੇਨਰ ਤੇ ਕਲਸਟਰ ਮਾਸਟਰ ਟਰੇਨਰ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ, ਸਮੂਹ ਸਿੱਖਿਆ ਸੁਧਾਰ ਟੀਮ ਮੈਂਬਰ ਆਪਣੇ ਨੇੜਲੇ ਪੈਂਦੇ ਸਕੂਲਾਂ 'ਚ ਐਜੂਸੈੱਟ ਹਾਲ ਵਿੱਚ ਸਮੇਂ ਸਿਰ ਹਾਜ਼ਰ ਹੋ ਕੇ ਮੀਟਿੰਗ 'ਚ ਭਾਗ ਲੈਣਾ ਯਕੀਨੀ ਬਣਾਉਣਗੇ|