← ਪਿਛੇ ਪਰਤੋ
ਰਿਵਰਸ ਫਲਿੱਕ@ਨਵਦੀਪ ਸਿੰਘ ਗਿੱਲ (97800-36216) 14ਵੇਂ ਹਾਕੀ ਵਿਸ਼ਵ ਕੱਪ ਦੇ ਅੱਜ ਸ਼ੁਰੂ ਹੋਏ ਨਾਕ ਆਊਟ ਸਟੇਜ ਦੇ ਕਰਾਸ ਓਵਰ ਮੈਚਾਂ ਵਿੱਚ ਇੰਗਲੈਂਡ ਤੇ ਫਰਾਂਸ ਨੇ ਜਿੱਤਾਂ ਦਰਜ ਕਰ ਕੇ ਕੁਆਰਟਰ ਫਾਈਨਲ ਵਿੱਚ ਦਾਖਲਾ ਪਾਇਆ। ਅੱਜ ਖੇਡੇ ਗਏ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 2-0 ਤੇ ਫਰਾਂਸ ਤੇ ਚੀਨ ਨੂੰ 1-0 ਨਾਲ ਹਰਾਇਆ। ਦੋਵੇਂ ਜੇਤੂ ਟੀਮਾਂ ਪੂਲ ਏ ਤੇ ਬੀ ਵਿੱਚੋਂ ਦੂਜੇ ਸਥਾਨ 'ਤੇ ਰਹੀਆਂ ਸਨ ਜਦੋਂ ਕਿ ਹਾਰਨ ਵਾਲੀਆਂ ਟੀਮਾਂ ਤੀਜੇ ਸਥਾਨ 'ਤੇ ਰਹਿ ਕੇ ਕਰਾਸ ਓਵਰ ਖੇਡਣ ਪੁੱਜੀਆਂ ਸਨ। ਅੱਗੇ ਕੁਆਰਟਰ ਫਾਈਨਲ ਵਿੱਚ ਇੰਗਲੈਂਡ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਅਰਜਨਟੀਨਾ ਅਤੇ ਫਰਾਂਸ ਦਾ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ। ਦੋਵੇਂ ਮੈਚ 12 ਦਸੰਬਰ ਨੂੰ ਖੇਡੇ ਜਾਣਗੇ। ਅੱਜ ਖੇਡੇ ਗਏ ਪਹਿਲੇ ਕਰਾਸ ਓਵਰ ਮੈਚ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾਇਆ। ਇੰਗਲੈਂਡ ਨੇ ਪਹਿਲੇ ਤੇ ਦੂਜੇ ਅੱਧ ਵਿੱਚ ਇਕ-ਇਕ ਗੋਲ ਕੀਤਾ। ਵਿਲ ਕੈਲਨਾਨ ਨੇ 25ਵੇਂ ਮਿੰਟ ਵਿੱਚ ਫੀਲਡ ਗੋਲ ਅਤੇ ਲਿਊਕ ਟੇਲਰ ਨੇ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉਪਰ ਗੋਲ ਕੀਤਾ। ਦੂਜੇ ਮੈਚ ਵਿੱਚ ਫਰਾਂਸ ਨੇ ਚੀਨ ਨੂੰ 1-0 ਨਾਲ ਹਰਾਇਆ। ਅਰਜਨਟੀਨਾ ਨੂੰ ਹਰਾ ਕੇ ਵੱਡਾ ਉਲਟ ਫੇਰ ਕਰਨ ਵਾਲੀ ਫਰਾਂਸ ਦੀ ਟੀਮ ਅੱਗੇ ਚੀਨ ਦਾ ਡਿਫੈਂਸ ਚੀਨ ਦੀ ਦੀਵਾਰ ਸਾਬਤ ਹੋਇਆ। ਫਰਾਂਸ ਵੱਲੋਂ ਇਕਲੌਤਾ ਤੇ ਜੇਤੂ ਗੋਲ ਟੀ. ਕਲੀਮੈਂਟ ਨੇ 36ਵੇਂ ਮਿੰਟ ਵਿੱਚ ਕੀਤਾ। ਇਹੋ ਗੋਲ ਫੈਸਲਾਕੁੰਨ ਸਾਬਤ ਹੋਇਆ। 11 ਦਸੰਬਰ ਦੋ ਕਰਾਸ ਓਵਰ ਮੈਚ ਬੈਲਜੀਅਮ ਤੇ ਪਾਕਿਸਤਾਨ ਅਤੇ ਹਾਲੈਂਡ ਤੇ ਕੈਨੇਡਾ ਵਿਚਾਲੇ ਖੇਡੇ ਜਾਣਗੇ।
Total Responses : 928